ਪੰਜਾਬ ਵਿਚ ਬੀਜੇਪੀ ਵਲੋਂ ਆਪਣੀ ਪਾਰਟੀ ਮਜ਼ਬੂਤ ਕਰਨ ਦੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਅਸ਼ਵਨੀ ਸ਼ਰਮਾ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ‘ਚ ਅੰਮ੍ਰਿਤਸਰ ਦਿਹਾਤੀ ਦੇ ਮਨਜੀਤ ਸਿੰਘ ਮੰਨਾ, ਅੰਮ੍ਰਿਤਸਰ ਸ਼ਹਿਰੀ ਦੇ ਹਰਵਿੰਦਰ ਸਿੰਘ ਸੰਧੂ, ਬਰਨਾਲਾ ਵਿਚ ਗੁਰਮੀਤ ਸਿੰਘ ਹੰਡਿਆਇਆ, ਬਟਾਲਾ ਦੇ ਹਰਸਿਮਰਤ ਸਿੰਘ ਵਾਲੀਆ, ਬਠਿੰਡਾ ਦਿਹਾਤੀ ਦੇ ਰਵੀ ਪ੍ਰੀਤ ਸਿੰਘ ਸਿੰਧੂ, ਬਠਿੰਡਾ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਜ਼ਿਲ੍ਹਾ ਪ੍ਰਧਾਨਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਵੀ ਕਈ ਆਗੂ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਵਜੋਂ ਨਿਯੁਕਤ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਸੂਬੇ ‘ਚ ਖ਼ੁਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਭਾਜਪਾ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਦਾ ਸੂਬੇ ਭਰ ਵਿਚ ਭਾਜਪਾ ਦੇ ਜ਼ਿਲ੍ਹਾ ਵਰਕਰਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਰੂਪ ਸਿੰਗਲਾ ਪਿਛਲੇ ਸਾਲ ਜੂਨ ਵਿਚ ਚੰਡੀਗੜ੍ਹ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਪਹਿਲਾਂ ਵੀ ਪੰਜਾਬ ਵਿੱਚ ਕਈ ਵੱਡੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਹੁਣ ਸੂਬੇ ਵਿੱਚ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ।