ਲੋਕ ਸਭਾ ਜ਼ਿਮਨੀ ਚੋਣ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਅੱਜ ਦੂਜੀ ਰੈਲੀ ਕੀਤੀ ਗਈ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਕਰਤਾਰਪੁਰ ਵਿਚ ਪਹਿਲੀ ਰੈਲੀ ਕੀਤੀ ਗਈ ਸੀ, ਜਿਸ ਵਿਚ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਸ਼ਾਮਲ ਨਹੀਂ ਹੋਏ ਸਨ। ਪਰ ਅੱਜ ਦੀ ਚੋਣ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੀ ਸਮੂਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਆਪਣੀ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਦੱਸੀਆਂ, ਉਥੇ ਹੀ ਕਾਂਗਰਸ ਪਾਰਟੀ ਸਮੇਤ ਅਕਾਲੀ-ਭਾਜਪਾ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਚੋਣ ਜਿੱਤਣ ਨਾਲ ਸ਼ਕਤੀ ਮਿਲੇਗੀ ਅਤੇ ਉਨ੍ਹਾਂ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ, ਜਿਹੜੇ ਨੁਕਸ ਹੀ ਕੱਢੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਦਾ ਜਲੰਧਰ ਤੋਂ ਸਾਨੂੰ ਆਕਸੀਜ਼ਨ ਦਾ ਸਿਲੰਡਰ ਮਿਲ ਗਿਆ ਤਾਂ ਅਸੀਂ ਦੁੱਗਣੇ-ਤਿੱਗੁਣੇ ਹੋ ਕੇ ਕੰਮ ਕਰਾਂਗੇ। ਵਿਰੋਧੀਆਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਆਮ ਆਦਮੀ ਪਾਰਟੀ ਲੋਕਾਂ ਦਾ ਪ੍ਰਮਾਣਿਤ ਪਾਰਟੀ ਹੈ ਅਤੇ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ। ਅਸੀਂ ਆਮ ਲੋਕਾਂ ਵਿਚੋਂ ਆਏ ਹੋਏ ਹਾਂ ਅਤੇ ਵਾਲੰਟੀਅਰ ਬਣ ਕੇ ਕੰਮ ਕਰਨ ਵਾਲੇ ਹਾਂ।
ਜਲੰਧਰ ਦੀਆਂ ਸਾਰੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ ਵਿਚ ਗਿਣੀਆਂ ਪਈਆਂ ਹਨ। ਜਲੰਧਰ ਨੂੰ ਚਮਕਾ ਦਿੱਤਾ ਜਾਵੇਗਾ। ਸਪੋਰਟਸ ਇੰਡਸਟਰੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਵਾਲੰਟੀਅਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਸ਼ਿਕਵੇ ਛੱਡ ਕੇ 13 ਮਈ ਨੂੰ ਇਕ ਵਾਰ ਵੱਡਾ ਝੰਡਾ ਆਮ ਆਦਮੀ ਪਾਰਟੀ ਜਲੰਧਰ ਤੋਂ ਐੱਮ. ਪੀ. ਵਾਲਾ ਲਹਿਰਾਈਏ ਅਤੇ ਉਸ ਤੋਂ ਬਾਅਦ ਸਭ ਸਾਡੇ ‘ਤੇ ਛੱਡ ਦਿਓ। ਆਦਮਪੁਰ ਵਾਲਾ ਹਵਾਈ ਅੱਡਾ ਜੂਨ-ਜੁਲਾਈ ਵਿਚ ਚਾਲੂ ਕਰ ਦਿੱਤਾ ਜਾਵੇਗਾ। ਇਥੋਂ ਆਦਮਪੁਰ ਤੋਂ ਜਾਂਦੀ ਸੜਕ ਵੀ ਬਣਾਈ ਜਾਵੇਗੀ। ਉਨ੍ਹਾਂ ਆਪਣੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਦੀ ਖ਼ਰਾਬ ਫ਼ਸਲ ਖੇਤਾਂ ਵਿਚ ਜਦਕਿ ਪੈਸੇ ਸਿੱਧੇ ਖ਼ਾਤੇ ਵਿਚ ਆ ਰਹੇ ਹਨ। ਉਨ੍ਹਾਂ ਜਲੰਧਰ ਵਾਸੀਆਂ ਨੂੰ ਮੰਗ ਕਰਦੇ ਹੋਏ ਕਿਹਾ ਕਿ ਇੱਧਰ-ਉਧਰ ਆਪਣੀ ਵੋਟ ਨਾ ਖ਼ਰਾਬ ਕਰਨ।
ਉਨ੍ਹਾਂ ਕਿਹਾ ਕਿ ਜਿਹੜਾ ਸੰਸਦ ਮੈਂਬਰ ਹੁੰਦਾ ਹੈ, ਉਹ 9 ਹਲਕਿਆਂ ਦੇ ਵਿਧਾਇਕਾਂ ਦੇ ਬਰਾਬਰ ਹੁੰਦਾ ਹੈ। ਜੇਕਰ ਜਲੰਧਰ ਵਾਲਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਐੱਮ. ਪੀ. ਬਣਾ ਦਿੱਤਾ ਤਾਂ ਇਸ ਵਾਰ ਜਲੰਧਰ ਤੋਂ ਇਤਿਹਾਸ ਲਿਖਿਆ ਜਾਵੇਗਾ ਕਿ ਵਿਧਾਨ ਸਭਾ ਵਿਚ 92 ਸੀ, ਰਾਜ ਸਭਾ ਵਿਚ 10 ਹਨ ਅਤੇ ਦਿੱਲੀ ਦੀ ਵਿਧਾਨ ਸਭਾ ਵਿਚ 63 ਮੈਂਬਰ ਹਨ ਅਤੇ ਲੋਕ ਸਭਾ ਵਿਚ ਜਿਹੜਾ ਹਿੱਸਾ ਪਾਇਆ ਉਹ ਜਲੰਧਰ ਵਾਲਿਆਂ ਨੇ ਪਾਇਆ ਹੈ, ਅਜਿਹਾ ਇਤਿਹਾਸ ਲਿਖਿਆ ਜਾਵੇਗਾ। ਇਸ ਵਾਰ ਇਕੱਠੇ ਹੋ ਕੇ ਦੋਆਬੇ ਤੋਂ ਇਤਿਹਾਸ ਲਿਖਿਆ ਜਾਵੇਗਾ।
ਭਗਵੰਤ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਰ ਰੋਜ਼ ਪੈਸੇ ਦਾ ਹਿਸਾਬ ਆ ਰਿਹਾ ਹੈ। ਹੁਣ ਕਿਸੇ ਵੀ ਭ੍ਰਿਸ਼ਟਾਚਾਰ ਨੂੰ ਚਾਬੀ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਇਥੇ ਆਉਂਦੇ ਹੀ ਨਹੀਂ ਹਨ, ਜੇਕਰ ਕਾਂਗਰਸ ਵਾਲੇ ਆਉਂਦੇ ਹਨ ਤਾਂ ਉਨ੍ਹਾਂ ਦਾ ਇਕ ਪਾਸੇ ਵੱਲ ਵੀ ਮੂੰਹ ਵੀ ਨਹੀਂ ਹੁੰਦਾ। ਕਿਸੇ ਦਾ ਮੂੰਹ ਦੱਖਣ ਵੱਲ ਜਾਂਦਾ ਹੈ ਤਾਂ ਕਿਸੇ ਦਾ ਉੱਤਰ ਵੱਲ। ਕਾਂਗਰਸ ਵਾਲੇ ਸਿਰਫ਼ ਬੱਸ ਵਿਚ ਹੀ ਇਕੱਠੇ ਦਿੱਸਦੇ ਹਨ। ਉਸ ਵੇਲੇ ਇਹ ਵੀ ਖ਼ਬਰ ਹੁੰਦੀ ਹੈ ਕਿ ਅੱਜ ਕਾਂਗਰਸ ਵਾਲੇ ਬੱਸ ਵਿਚ ਇਕੱਠੇ ਵੇਖੇ ਗਏ ਪਰ ਅੰਦਰੋਂ ਭਾਂਬੜ ਮੱਚ ਰਹੇ ਹੁੰਦੇ ਹਨ। ਇਨ੍ਹਾਂ ਤੋਂ ਕੋਈ ਵੀ ਉਮੀਦ ਨਾ ਰੱਖੀਓ, ਇਸ ਵਾਰ ਜਲੰਧਰ ਵਾਲਿਆਂ ਨੇ ਰਿਕਾਰਡ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ‘ਝਾੜੂ’ ਦਾ ਬਟਨ ਹੈ, ਜੋਕਿ ਸਫ਼ਾਈਆਂ ਕਰਦਾ ਹੈ ਅਤੇ ਦੋਆਬੇ ਦੋ ਲੋਕਾਂ ਨੇ ਇਸ ਵਾਰ ਝਾੜੂ ਦਾ ਬਟਨ ਦਬਾ ਕੇ ਇਤਿਹਾਸ ਲਿਖਣਾ ਹੈ ਅਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਬਣਾਉਣਾ ਹੈ।