ਕੈਬਨਿਟ ਮੰਤਰੀ ਕਟਾਰੂਚੱਕ ਦੀ ਕਥਿਤ ਵੀਡੀਓ ਮਾਮਲੇ ‘ਚ ਨਵਾਂ ਮੋੜ, ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੇ ਨੇ ਲਿਆ U-Turn

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸੁੱਖ ਦਾ ਸਾਹ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਮੰਤਰੀ ਕਟਾਰੂਚੱਕ ਦੀ ਕਥਿਤ ਵੀਡੀਓ ਮਾਮਲੇ ‘ਚ ਨਵਾਂ ਮੋੜਾ ਸਾਹਮਣੇ ਆਇਆ ਹੈ। ਦਸ ਦਈਏ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੇ ਕੇਸ਼ਵ ਕੁਮਾਰ ਨੇ ਇਸ ਮਾਮਲੇ ‘ਚ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹੋਏ U-Turn ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੋਲ ਕੈਬਨਿਟ ਮੰਤਰੀ ਕਟਾਰੂਚੱਕ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ‘ਤੇ ਪੀੜਤ ਕੇਸ਼ਵ ਕੁਮਾਰ ਨੇ ਕੋਈ ਵੀ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।  ਡੀ.ਆਈ.ਜੀ (ਬਾਰਡਰ ਜ਼ੋਨ) ਨਰਿੰਦਰ ਭਾਰਗਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਐਕਸ਼ਨ ਟੇਕਨ ਰਿਪੋਰਟ ਭੇਜ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਕੇਸ਼ਵ ਕੁਮਾਰ ਹੁਣ ਜਿਨਸੀ ਸ਼ੋਸ਼ਣ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ। ਦੱਸ ਦੇਈਏ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ 6 ਜੂਨ ਨੂੰ ਤੀਸਰਾ ਨੋਟਿਸ ਜਾਰੀ ਕਰਕੇ 12 ਜੂਨ ਤੱਕ ਰਿਪੋਰਟ ਮੰਗੀ ਸੀ।

ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਤੁਰੰਤ ਵੀਡੀਓ ਕਾਨਫ਼ਰੰਸ ਜਾਂ ਦਿੱਲੀ ਵਿਚ ਵਿਅਕਤੀਗਤ ਤੌਰ ’ਤੇ ਪੀੜਤ ਦੇ ਬਿਆਨ ਦਰਜ ਕਰਨ ਅਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ। ਕੌਮੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੀੜਤ ਕੇਸ਼ਵ ਕੁਮਾਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ 5 ਮਈ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ 8 ਮਈ ਨੂੰ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਦੱਸ ਦੇਈਏ ਕਿ ਜਲੰਧਰ ਜ਼ਿਮਨੀ ਚੋਣ ਮੌਕੇ ਵਿਰੋਧੀ ਧਿਰਾਂ ਨੇ ਕਟਾਰੂਚੱਕ ਮਾਮਲੇ ਨੂੰ ਉਭਾਰਿਆ ਸੀ ਅਤੇ ਪੰਜਾਬ ਦੇ ਗਵਰਨਰ ਨੇ ਵੀ ਜਿਨਸੀ ਸ਼ੋਸ਼ਣ ਵਾਲੀ ਵੀਡੀਓ ਦੀ ਆਪਣੇ ਪੱਧਰ ’ਤੇ ਜਾਂਚ ਕਰਾਈ ਸੀ। ਵਿਰੋਧੀ ਧਿਰਾਂ ਨੇ ਇਹ ਗੱਲ ਉਭਾਰੀ ਸੀ ਕਿ ਕੈਬਨਿਟ ਮੰਤਰੀ ਕਟਾਰੂਚੱਕ ਨੇ ਉਸ ਵੇਲੇ ਪੀੜਤ ਦਾ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਹ 2013 ਵਿਚ ਨਾਬਾਲਗ ਸੀ।

ਨਜ਼ਦੀਕੀ ਸੂਤਰਾਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਐੈਸ.ਐਫ.ਐਲ.ਜੇ.ਐਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ 11 ਮਈ 2023 ਨੂੰ ਪਠਾਨਕੋਟ ਪੁਲਿਸ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਕੇਸ਼ਵ ਕੁਮਾਰ 2007-08 ਵਿਚ ਇਸ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਦੀ ਜਨਮ ਮਿਤੀ 3 ਮਈ 1993 ਵੀ ਦੱਸੀ ਗਈ।  ਵਿਸ਼ੇਸ਼ ਜਾਂਚ ਟੀਮ ਨੇ ਪਾਇਆ ਕਿ ਘਟਨਾ ਵਾਲੇ 2013 ਦੇ ਵਰ੍ਹੇ ਵਿਚ ਵੀ ਪੀੜਤ ਨਾਬਾਲਗ ਨਹੀਂ ਸੀ। ਪੀੜਤ ਸਕੂਲ ਚੋਂ ਨੌਵੀਂ ਕਲਾਸ ਦਾ ਡਰਾਪ ਆਊਟ ਹੈ। ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਆਪਣੀ ਲਿਖਤੀ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ।

ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਾਈ ਅਤੇ ਪੀੜਤ ਨੇ ਲਿਖਤੀ ਰੂਪ ਵਿਚ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਕੋਲ ਬਿਆਨ ਕੀਤਾ ਕਿ ਉਸ ਦਾ ਮੋਬਾਈਲ ਫ਼ੋਨ ਗੁੰਮ ਹੋ ਗਿਆ ਸੀ ਅਤੇ ਉਸ ਕੋਲ ਇੱਕ ਵਿਅਕਤੀ ਮੋਬਾਈਲ ਲੈ ਕੇ ਆਇਆ ਸੀ ਜਿਸ ਨੇ ਇੱਕ ਵੀਡੀਓ ਦਿਖਾਈ ਜੋ ਕਿ ਬਦਲੀ ਹੋਈ ਸੀ। ਉਸ ਨੇ ਵਿਸ਼ੇਸ਼ ਜਾਂਚ ਟੀਮ ਅੱਗੇ ਕੋਈ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਕੌਮੀ ਕਮਿਸ਼ਨ ਨੇ ਪੀੜਤ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਦੀ ਗੱਲ ਵੀ ਕੀਤੀ ਸੀ ਪ੍ਰੰਤੂ ਜਾਂਚ ਟੀਮ ਨੇ ਇਹ ਤਰਕ ਦਿੱਤਾ ਹੈ ਕਿ ਕੈਬਨਿਟ ਮੰਤਰੀ ਕਟਾਰੂਚੱਕ ਖ਼ੁਦ ਵੀ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਹਨ।

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...