ਭਲਕੇ ਯਾਨੀ 10 ਮਈ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਕਰਕੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਹੈ ਹੁਣ ਸਾਰੀ ਗੇਮ ਜਲੰਧਰ ਵਾਸੀਆਂ ਦੇ ਹੱਥ ਹੈ ਕਿ ਆਖਿਰ ਉਹ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਹੱਕ ‘ਚ ਆਪਣਾ ਫਤਵਾ ਸੁਣਾਉਂਦੇ ਹਨ। ਪਰ ਇਸ ਵਿਚਕਾਰ ਵੋਟਾਂ ਬਟੋਰਨ ਲਈ ਕੋਈ ਗਲਤ ਰਣਨੀਤੀ ਨਾ ਅਪਣਾਏ ਇਸ ਲਈ ਪੁਲਿਸ ਨੇ ਵੀ ਸਖ਼ਤ ਐਕਸ਼ਨ ਲੈਂਦੇ ਹੋਏ ਜਲੰਧਰ ਜ਼ਿਲ੍ਹੇ ’ਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਸ਼ਹਿਰ ਦੇ ਤਕਰੀਬਨ 22 ਠੇਕਿਆਂ ਨੂੰ ਸੀਲ ਲਾ ਕੇ ਬੰਦ ਦਿੱਤਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ਜਾਂ ਸਪਲਾਈ ਨਾ ਕੀਤੀ ਜਾ ਸਕੇ।
ਦੱਸ ਦੇਈਏ ਕਿ ਜਲੰਧਰ ’ਚ ਅਗਲੇ ਦੋ ਦਿਨਾਂ ਤੱਕ ਸ਼ਰਾਬ ਨਹੀਂ ਮਿਲੇਗੀ ਕਿਉਂਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਾਰਨ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਚੱਲਦਿਆਂ 10 ਮਈ, ਸ਼ਾਮ 6 ਵਜੇ ਤੱਕ ਸ਼ਹਿਰ ਦੇ ਸਾਰੇ ਠੇਕੇ ਬੰਦ ਕੀਤੇ ਗਏ ਹਨ।