ਤੋਸ਼ਾਖਾਨਾ ਮਾਮਲੇ ‘ਚ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਦੀ ਸਜ਼ਾ ‘ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਖਾਨ ਦੇ ਅਟਕ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ, ਉਹਨਾਂ ਨੂੰ ਸੀਕ੍ਰੇਟ ਲੈਟਰ ਚੋਰੀ ਕੇਸ (ਸਾਈਫਰ ਗੇਟ ਸਕੈਂਡਲ) ਦੇ ਸਬੰਧ ਵਿੱਚ ਹਿਰਾਸਤ ਵਿੱਚ ਮੁੜ ਤੋਂ ਲੈ ਲਿਆ ਗਿਆ। ਇਹ ਜਾਣਕਾਰੀ ਪਾਕਿਸਤਾਨ ਦੇ ਅਖਬਾਰ ‘ਦ ਡਾਨ’ ਨੇ ਦਿੱਤੀ ਹੈ। ਸਾਬਕਾ ਕਾਨੂੰਨ ਮੰਤਰੀ ਅਤੇ ਸਰਕਾਰੀ ਵਕੀਲ ਅਤਾ ਤਰਦ ਨੇ ਇਕ ਚੈਨਲ ਨੂੰ ਦੱਸਿਆ – ਇਮਰਾਨ ਦੀ ਸਜ਼ਾ ਸਸਪੈਂਡ ਹੋਈ ਹੈ। ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ, ਪਰ ਫਿਲਹਾਲ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਦੇ। ਇਸ ਦਾ ਕਾਰਨ ਇਹ ਹੈ ਕਿ ਸਾਈਫਰ ਚੋਰੀ ਦੇ ਮਾਮਲੇ ਵਿੱਚ ਅਦਾਲਤ ਨੇ ਜਾਂਚ ਏਜੰਸੀਆਂ ਨੂੰ 14 ਦਿਨਾਂ ਦਾ ਫਿਜ਼ੀਕਲ ਰਿਮਾਂਡ ਦਿੱਤਾ ਹੈ। ਖਬਰਾਂ ਮੁਤਾਬਕ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ.ਆਈ.ਏ.) ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀਆਂ ਟੀਮਾਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹਨ।
ਐਫਆਈਏ ਨੇ ਸੀਕ੍ਰੇਟ ਲੈਟਰ ਚੋਰੀ ਕੇਸ (ਸਾਈਫਰ ਗੇਟ ਸਕੈਂਡਲ) ਅਤੇ ਐਨਏਬੀ ਨੇ 9 ਮਈ ਦੀ ਹਿੰਸਾ ਦੇ ਸਬੰਧ ਵਿੱਚ ਖਾਨ ਤੋਂ ਪੁੱਛਗਿੱਛ ਕਰਨੀ ਹੈ। ਖਾਸ ਗੱਲ ਇਹ ਹੈ ਕਿ NAB ਖਾਨ ਨੂੰ ਪੁੱਛਗਿੱਛ ਲਈ 90 ਦਿਨਾਂ ਤੱਕ ਆਪਣੀ ਹਿਰਾਸਤ ‘ਚ ਰੱਖ ਸਕਦੀ ਹੈ। ਇਸ ਦੌਰਾਨ ਸੁਪਰੀਮ ਕੋਰਟ ਸਮੇਤ ਕੋਈ ਵੀ ਅਦਾਲਤ ਉਹਨਾਂ ਨੂੰ ਜ਼ਮਾਨਤ ਨਹੀਂ ਦੇ ਸਕੇਗੀ। ਰਾਹਤ ਸਿਰਫ ਇਹ ਹੋਵੇਗੀ ਕਿ ਖਾਨ ਨੂੰ ਜੇਲ੍ਹ ਦੀ ਬਜਾਏ ਜਾਂਚ ਏਜੰਸੀ ਦੇ ਹੈੱਡਕੁਆਰਟਰ ਦੇ ਕਮਰੇ ਵਿੱਚ ਰੱਖਿਆ ਜਾਵੇਗਾ।