36 ਦਿਨਾਂ ਬਾਅਦ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਸਨੂੰ ਉਸਦੇ ਬਾਕੀ ਸਾਥੀਆਂ ਕੋਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਇਸ ਦਰਮਿਆਨ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਡਿਬਰੂਗੜ੍ਹ ਜੇਲ੍ਹ ‘ਚ NSA ਤਹਿਤ ਕੈਦ ਅੰਮ੍ਰਿਤਪਾਲ ਸਿੰਘ ਤੋਂ ਕੇਂਦਰੀ ਏਜੰਸੀ IB ਪੁੱਛਗਿੱਛ ਕਰ ਰਹੀ ਹੈ। Intelligence Bureau ਦੀ 5 ਮੈਂਬਰੀ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਤੋਂ ਸਵਾਲ-ਜਵਾਬ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਇਹ ਪੁੱਛ-ਪੜਤਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਸਵੇਰੇ 9.30 ਵਜੇ ਤੋਂ ਹੋ ਰਹੀ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਮਗਰੋਂ ਕੇਂਦਰ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। ਜਿਸ ਤੋਂ ਬਾਅਦ ਹੁਣ ਇਹ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਇਹ ਰਿਪੋਰਟ ਸੌਂਪ ਵੀ ਦਿੱਤੀ ਹੈ। ਦੂਜੇ ਪਾਸੇ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੀ ਇਸ ਸਬੰਧੀ ਆਪਣੀ ਸ਼ੁਰੂਆਤੀ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ।
ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਲੈ ਕੇ ਗ੍ਰਿਫਤਾਰੀ ਤੱਕ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। ਕੇਂਦਰ ਨੇ ਪੁਲਿਸ ਐਕਸ਼ਨ ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲਿਆਂ ਦੇ ਵੇਰਵੇ ਤੇ ਅੰਮ੍ਰਿਤਪਾਲ ਦੀ ਲੋਕੇਸ਼ਨ ਮੂਵਮੈਂਟ ਰਿਪੋਰਟ ਵੀ ਮੰਗੀ ਸੀ। ਪੰਜਾਬ ਸਰਕਾਰ ਨੇ ਇਹ ਸਾਰੀ ਰਿਪੋਰਟ ਕੇਂਦਰ ਨੂੰ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ ਐਨਆਈਏ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਲਿੰਕ ਤੇ ਵਿਦੇਸ਼ੀ ਫੰਡਿੰਗ ਦਾ ਜ਼ਿਕਰ ਕੀਤਾ ਹੈ।