ਪ੍ਰਧਾਨ ਮੰਤਰੀ ਹਾਊਸ ਦੇ ਉੱਪਰੋਂ ਇੱਕ ਡਰੋਨ ਉੱਡਣ ਦੀ ਖ਼ਬਰ ਸਾਹਮਣੇ ਆਈ ਹੈ। ਸਵੇਰੇ 5 ਵਜੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਤਾਇਨਾਤ ਐੱਸਪੀਜੀ ਨੇ ਦਿੱਲੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਡਰੋਨ ਨਜ਼ਰ ਨਹੀਂ ਆ ਰਿਹਾ ਸੀ। ਦਰਅਸਲ ਪੀਐਮ ਹਾਊਸ, ਨੋ ਫਲਾਇੰਗ ਜ਼ੋਨ ਦੇ ਅਧੀਨ ਆਉਂਦਾ ਹੈ। ਅਜਿਹੇ ‘ਚ ਪੁਲਿਸ ਇਸ ਗੱਲ ਦੀ ਜਾਂਚ ‘ਚ ਲੱਗੀ ਹੋਈ ਹੈ ਕਿ ਨੋ ਫਲਾਇੰਗ ਜ਼ੋਨ ‘ਚ ਡਰੋਨ ਕੌਣ ਉਡਾ ਰਿਹਾ ਸੀ ਜਾਂ ਇਹ ਡਰੋਨ ਇਸ ਇਲਾਕੇ ‘ਚ ਕਿਵੇਂ ਪਹੁੰਚਿਆ।
ਹਾਲਾਂਕਿ, ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਅਜੇ ਤੱਕ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਦਿੱਲੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਆਲੇ-ਦੁਆਲੇ ਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਨਾਲ ਤਲਾਸ਼ੀ ਲਈ ਗਈ, ਪਰ ਅਜਿਹੀ ਕੋਈ ਵਸਤੂ ਨਹੀਂ ਮਿਲੀ। ਏਅਰ ਟ੍ਰੈਫਿਕ ਕੰਟਰੋਲ ਰੂਮ (ਏ.ਟੀ.ਸੀ.) ਨਾਲ ਵੀ ਸੰਪਰਕ ਕੀਤਾ ਗਿਆ ਸੀ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਵੀ ਅਜਿਹੀ ਕੋਈ ਉੱਡਦੀ ਵਸਤੂ ਨਹੀਂ ਮਿਲੀ ਹੈ।”