ਪੰਜਾਬ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਨਿਗਮ ਚੋਣਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਲੁਧਿਆਣਾ ਵਿੱਚ ਡੇਰੇ ਲਾਏ ਹੋਏ ਹਨ। ਅੱਜ ਰਾਜਾ ਵੜਿੰਗ ਵਾਰਡ ਨੰਬਰ 70 ਦੇ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਪੁੱਜੇ। ਕੌਂਸਲਰ ਦਿਲਰਾਜ ਨੇ ਇੱਥੇ ਮੀਟਿੰਗ ਕਰਵਾਈ ਸੀ। ਵੜਿੰਗਨੇ ਪੰਜਾਬ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਵੱਖ-ਵੱਖ ਸਰਕਾਰਾਂ ਸੋਸ਼ਲ ਮੀਡੀਆ ‘ਤੇ ਮੁਹਿੰਮਾਂ ਚਲਾਉਂਦੀਆਂ ਹਨ, ਪਰ ਮੈਨੂੰ ਜਨਤਕ ਭਾਸ਼ਣਾਂ ‘ਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਕੁੱਝ ਲੋਕ ਜਨਤਕ ਭਾਸ਼ਣਾਂ ਵਿੱਚ ਕਹਿ ਰਹੇ ਹਨ ਕਿ ਰਾਜਾ ਵੜਿੰਗ ਨੂੰ ਉੱਡਾ ਦੇਣਾ ਹੈ। ਵੜਿੰਗ ਨੇ ਕਿਹਾ ਕਿ ਹੁਣ ਨਾ ਤਾਂ ਕਾਂਗਰਸੀ ਆਗੂ ਅਜਿਹੀਆਂ ਧਮਕੀਆਂ ਤੋਂ ਡਰਦੇ ਹਨ ਅਤੇ ਨਾ ਹੀ ਤੁਹਾਡੀਆਂ ਲੋਕਮਾਰੂ ਨੀਤੀਆਂ ਦਾ ਵਿਰੋਧ ਕਰਨ ਤੋਂ ਪਿੱਛੇ ਹਟਣਗੇ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅੱਜ ਪੰਜਾਬ ਵਿੱਚ ਜੋ ਹਾਲਾਤ ਬਣੇ ਹੋਏ ਹਨ, ਇਹ ਸਥਿਤੀ ਤਾਲਿਬਾਨ ‘ਚ ਹੁੰਦੀ ਸੀ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਮੰਤਰੀ ਇਹ ਬਿਆਨ ਦੇ ਰਹੇ ਹਨ ਕਿ ਪੰਜਾਬ ਦੇ ਹਾਲਾਤ ਯੂਪੀ ਅਤੇ ਬਿਹਾਰ ਨਾਲੋਂ ਬਿਹਤਰ ਹਨ।
ਵੜਿੰਗ ਨੇ ਕਿਹਾ ਕਿ ਪਰ ‘ਆਪ’ ਆਗੂ ਇਹ ਭੁੱਲ ਗਏ ਹਨ ਕਿ ਪੰਜਾਬ ਦਾ ਕਦੇ ਵੀ ਯੂਪੀ ਅਤੇ ਬਿਹਾਰ ਨਾਲ ਮੁਕਾਬਲਾ ਨਹੀਂ ਰਿਹਾ। ਬੂਥ ਕੈਪਚਰਿੰਗ ਦੀਆਂ ਘਟਨਾਵਾਂ ਯੂਪੀ ਅਤੇ ਬਿਹਾਰ ਵਿੱਚ ਸ਼ਰੇਆਮ ਵਾਪਰਦੀਆਂ ਰਹਿੰਦੀਆਂ ਹਨ। ਹਥਿਆਰਾਂ ਦੀ ਪ੍ਰਦਰਸ਼ਨੀ ਬੰਦ ਨਹੀਂ ਹੋਈ। ਨੌਜਵਾਨ ਇੱਕ ਦੂਜੇ ਨੂੰ ਹਥਿਆਰ ਦਿਖਾ ਨੁਮਾਇਸ਼ ਕਰਦੇ ਹਨ। ਇਸ ਦੌਰਾਨ ਗੋਲੀਬਾਰੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਾਕੀ, ਨਿਗਮ ਚੋਣਾਂ ਆਉਣ ਵਾਲੀਆਂ ਹਨ, ਇਸ ਲਈ ਪੰਜਾਬ ਦੇ ਲੋਕ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਤਿਆਰ ਹਨ।