ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਦਾ ਮਨੋਬਲ ਉਸ ਵੇਲੇ ਹੋਰ ਵੀ ਜ਼ਿਆਦਾ ਵੱਧ ਗਿਆ ਜਦੋਂ ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਸਿੰਘ ਸਭਾਵਾਂ ਨੇ ਭਵਿੱਖ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਚੱਲਣ ਦਾ ਫ਼ੈਸਲਾ ਕੀਤਾ ਹੈ। ਜਲੰਧਰ ਸ਼ਹਿਰ ਤੇ ਛਾਉਣੀਆਂ ਦੀਆਂ ਸਿੰਘ ਸਭਾਵਾਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਲਏ ਗਏ ਇੰਨ੍ਹਾਂ ਫੈਸਲਿਆਂ ਨਾਲ ਸਿੱਖ ਸਿਆਸਤ ਵਿੱਚ ਨਵਾਂ ਮੋੜ ਆਉਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਦਸ ਦਈਏ ਕਿ ਸ਼ਹਿਰ ਦੀਆਂ ਸਿੰਘ ਸਭਾਵਾਂ ਦੀ ਅਗਵਾਈ ਟਕਸਲੀ ਪੰਥਕ ਆਗੂ ਜਗਜੀਤ ਸਿੰਘ ਗਾਬਾ ਕਰ ਰਹੇ ਸਨ।ਦੇਰ ਸ਼ਾਮ ਤੱਕ ਸਿੰਘ ਸਭਾਵਾਂ ਦੀਆਂ ਚੱਲੀਆਂ ਮੀਟਿੰਗਾਂ ਵਿੱਚ ਹਾਜ਼ਰ ਸਿੱਖ ਆਗੂਆਂ ਦੇ ਚਿਹਰਿਆਂ ‘ਤੇ ਆਈ ਰੌਣਕ ਵੀ ਨਵੀਂ ਤਬਦੀਲੀ ਦਾ ਸਪੱਸ਼ਟ ਸੰਕੇਤ ਦੇ ਰਹੀ ਸੀ। ਸਿੰਘ ਸਭਾਵਾਂ ਦੇ ਫ਼ੈਸਲੇ ਤੋਂ ਤਿੰਨ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਆਗੂ ਕਮਲਜੀਤ ਸਿੰਘ ਭਾਟੀਆ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਸਤੀਫੇ ਭੇਜ ਚੁੱਕੇ ਹਨ।
ਸਿੱਖ ਆਗੂਆਂ ਨੇ ਇਹ ਫੈਸਲਾ ਵੀ ਕੀਤਾ ਕਿ ਸੌਦਾ ਸਾਧ ਨੂੰ ਅਕਾਲੀ ਦਲ ਵੱਲੋਂ ਮੁਆਫੀ ਦੇਣ ਅਤੇ 2007 ‘ਚ ਸੌਦਾ ਸਾਧ ਦੇ ਸਵਾਂਗ ਰਚਣ ਵਾਲੇ ਕੇਸ ਵਿੱਚ ਰਾਮ ਰਾਹੀਮ ਵਿਰੁੱਧ ਚਲਾਨ ਪੇਸ਼ ਨਾ ਕਰਨ ਦੇ ਗੰਭੀਰ ਦੋਸ਼ਾਂ ਦਾ ਵੀ ਸੁਖਬੀਰ ਬਾਦਲ ਨੂੰ ਸਾਹਮਣਾ ਕਰਨਾ ਲੈ ਸਕਦਾ ਹੈ। ਪੰਥਕ ਆਗੂਆਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਨੂੰ ਮੁਆਫ਼ੀ ਦਵਾ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਧਰ ਜਲੰਧਰ ਸ਼ਹਿਰ ਤੇ ਜਲੰਧਰ ਛਾਉਣੀ ਦੀਆਂ ਸਿੰਘ ਸਭਾਵਾਂ ਨੇ ਬੀਬੀ ਜਗੀਰ ਕੌਰ ਦਾ ਭਰਵਾਂ ਸਵਾਗਤ ਕੀਤਾ।
ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਹਾਜ਼ਰ ਆਗੂਆਂ ਨੇ ਪੰਥਕ ਸੋਚ ‘ਤੇ ਪਹਿਰਾ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੈ।ਮੀਟਿੰਗ ਦੌਰਾਨ ਬੁਲਾਰਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਬਾਦਲਾਂ ਵਿਰੁੱਧ ਜਿਹੜਾ ਸਟੈਂਡ ਲਿਆ ਹੈ ਉਸ ਨੇ ਪੰਥਕ ਸੰਸਥਾਵਾਂ ਨੂੰ ਬਚਾਉਣ ਦਾ ਰਾਹ ਦਿਖਾ ਦਿੱਤਾ ਹੈ ।ਆਗੂਆਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਪੰਥ ਵੱਲ ਪਿੱਠ ਕਰਕੇ ਖੜ੍ਹੇ ਬਾਦਲਾਂ ਨੂੰ ਜਿਹੜੀ ਚੁਣੌਤੀ ਦਿੱਤੀ ਹੈ ਉਸ ਦਾ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੇ ਤਕੜਾ ਹੁੰਗਾਰਾ ਭਰਿਆ ਹੈ। ਜਥੇਦਾਰ ਗਾਬਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੀ ਨਿੱਜੀ ਜਾਇਦਾਦ ਨਹੀਂ ਹੈ ਸਗੋਂ ਇਹ ਕੁਰਬਾਨੀਆਂ ਦੇਣ ਵਾਲੇ ਪੰਥ ਦੀ ਅਮੀਰ ਵਿਰਾਸਤ ਹੈ, ਜਿਸ ਦੀ ਰਾਖੀ ਲਈ ਹਰ ਸਿੱਖ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਰੋਮ-ਰੋਮ ਪੰਥ ਦੀ ਸੇਵਾ ਲਈ ਹਾਜ਼ਰ ਹੈ। ਸੰਤ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਮੈਂਬਰਾਂ ਵਿੱਚੋਂ ਸਨ ਜਿੰਨ੍ਹਾ ਦਾ ਹਰ ਸਾਹ ਪੰਥ ਦੇ ਲੇਖੇ ਲੱਗਾ ਸੀ।ਉਨ੍ਹਾਂ ਦਾ ਪਰਿਵਾਰ ਪਿਛਲੇ 100 ਸਾਲਾਂ ਤੋਂ ਪੰਥਕ ਸੋਚ ‘ਤੇ ਪਹਿਰਾ ਦਿੰਦਾ ਆ ਰਿਹਾ ਹੈ ਤੇ ਉਹ ਵੀ ਸੰਤ ਪ੍ਰੇਮ ਸਿੰਘ ਜੀ ਮੁਰਾਰੇਵਾਲਿਆਂ ਵੱਲੋਂ ਕੁਰਬਾਨੀਆਂ ਵਾਲੇ ਦਿਖਾਏ ਰਾਹ ‘ਤੇ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪੰਥਕ ਸੰਸਥਾਵਾਂ ਦੇ ਇਤਿਹਾਸ ਦਾ ਹਰ ਪੰਨਾ ਸਿੱਖ ਕੌਮ ਦੇ ਖ਼ੂਨ ਨਾਲ ਲੱਥ-ਪੱਥ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਨਹੀਂ ਹੈ ਸਗੋਂ ਸਮੁੱਚੇ ਪੰਥ ਦੀਆਂ ਸਿਰਮੌਰ ਸੰਸਥਾਵਾਂ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪੰਥਕ ਸੋਚ ਵਾਲਿਆਂ ਨੂੰ ਨਾਲ ਲੈ ਕੇ ਪੰਥ ਦੀਆਂ ਇਹ ਸਿਰਮੌਰ ਸੰਸਥਾਵਾਂ ਨੂੰ ਬਾਦਲਾਂ ਦੀ ਅਜ਼ਾਏਦਾਰੀ ਤੋਂ ਮੁਕਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਪੰਥਕ ਸਰਕਾਰ ਹੁੰਦਿਆ ਹੋਇਆ ਬਲਾਤਕਾਰੀ ਸੌਦਾ ਸਾਧ ਨੂੰ 2007 ਵਾਲੇ ਕੇਸ ਵਿੱਚ ਸਾਫ਼ ਬਚ ਕੇ ਜਾਣ ਦਾ ਰਾਹ ਤਿਆਰ ਕਰਕੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਲਾਤਕਾਰੀ ਸਾਧ ਨੂੰ ਮੁਆਫ਼ੀ ਦੇਣ ਨਾਲ ਹੀ ਉਸ ਦਾ ਹੌਸਲਾ ਇੰਨਾਂ ਵਧ ਗਿਆ ਕਿ ਉਸ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੱਕ ਕਰਵਾ ਦਿੱਤੀ।
ਬੀਬੀ ਜਗੀਰ ਕੌਰ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਆਗੂਆਂ ਨੂੰ ਪੰਥਕ ਏਜੰਡੇ ‘ਤੇ ਡੱਟ ਕੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪੰਥ ਦੀਆਂ ਸਾਰੀਆਂ ਸੰਸਥਾਵਾਂ ਨੂੰ ਬਾਦਲਾਂ ਦੀ ਚੁੰਗਲ ਤੋਂ ਮੁਕਤ ਕਰਵਾਉਣ ਦੀ ਆਪਣੀ ਲੜਾਈ ਜਾਰੀ ਰੱਖਣਗੇ। ਇਸ ਮੌਕੇ ਜਗਜੀਤ ਸਿੰਘ ਗਾਬਾ ਨੇ ਬੀਬੀ ਜਗੀਰ ਕੌਰ ਦਾ ਸਨਮਾਨ ਕਰਦਿਆਂ ਕਿਹਾ ਕਿ ਅੰਗਰੇਜ਼ ਵੀ 100 ਸਾਲਾਂ ਵਿੱਚ ਸਿੱਖ ਕੌਮ ਦਾ ਇੰਨਾਂ ਨੁਕਸਾਨ ਨਹੀਂ ਕਰ ਸਕੇ ਜਿੰਨਾਂ ਬਾਦਲਾਂ ਨੇ 25 ਸਾਲਾਂ ਵਿੱਚ ਕਰਕੇ ਰੱਖ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਮ.ਸੀ ਚਰਨਜੀਤ ਸਿੰਘ ਚੱਢਾ, ਪ੍ਰੀਤਮ ਸਿੰਘ ਸੁਰਜੀਤ ਸਿੰਘ, ਹਰਜਿੰਦਰ ਸਿੰਘ, ਤੇਜਿੰਦਰ ਸਿੰਘ, ਗੁਰਜੀਤ ਸਿੰਘ ਟੱਕਰ, ਗੁਰਿੰਦਰ ਸਿੰਘ ਮੁਝੈਲ, ਗੁਰਮੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।