ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੀ ਮੁਹਾਲੀ ਤੋਂ ਚੰਡੀਗੜ੍ਹ ਜਾਣ ਦੀ ਯੋਜਨਾ ਸੀ। ਹਾਲਾਂਕਿ ਉਨ੍ਹਾਂ ਨੂੰ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਹੀ ਰੋਕ ਦਿੱਤਾ ਗਿਆ ਹੈ। ਅੰਬ ਸਾਹਿਬ ਗੁਰਦੁਆਰੇ ਨੇੜੇ ਸਿੱਖ ਜਥੇਬੰਦੀਆਂ ਨਾਲ ਜੁੜੇ ਲੋਕ ਇਕੱਠੇ ਹੋ ਗਏ ਹਨ। ਮੁਹਾਲੀ ਵਿੱਚ ਠੋਸ ਮੋਰਚਾ ਲਾਇਆ ਗਿਆ ਹੈ। ਅਜਿਹੇ ‘ਚ ਖਾਣ-ਪੀਣ ਦਾ ਸਮਾਨ ਵੀ ਇਕੱਠਾ ਕੀਤਾ ਜਾ ਰਿਹਾ ਹੈ।
ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਵੱਲ ਮਾਰਚ ਕਰਨ ਲਈ ਤਿਆਰ ਹੈ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ। ਫੇਜ਼ 8 ਦੇ ਗੁਰਦੁਆਰੇ ਨੇੜੇ ਸਿੱਖ ਜਥੇ ਇਕੱਠੇ ਹੋਏ ਹਨ। ਇਸ ਦੇ ਨਾਲ ਹੀ ਮੁਹਾਲੀ ਫੇਜ਼ 8 ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਨੂੰ ਵੀ ਪੁਲੀਸ ਨੇ ਮੋੜ ਦਿੱਤਾ ਹੈ। ਸਿੱਖ ਕੈਦੀਆਂ ਦੀ ਰਿਹਾਈ ਪੰਜਾਬ ਵਿੱਚ ਇੱਕ ਵੱਡਾ ਮੁੱਦਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਨੂੰ ਕਈ ਵਾਰ ਉਠਾ ਚੁੱਕਾ ਹੈ। ਸਿੱਖ ਜਥੇਬੰਦੀਆਂ ਇਸ ਮੁੱਦੇ ‘ਤੇ ਕਈ ਵਾਰ ਪੰਜਾਬ ਸਰਕਾਰ ਨੂੰ ਵੀ ਮਿਲ ਚੁੱਕੀਆਂ ਹਨ।
ਮੋਹਾਲੀ ‘ਚ ਪ੍ਰਦਰਸ਼ਨ ਦੌਰਾਨ ਦਿੱਲੀ ਤੋਂ ਆਏ ਸਿੱਖ ਪ੍ਰਦਰਸ਼ਨਕਾਰੀ ਇਕਬਾਲ ਸਿੰਘ ਨੇ ਆਪਣੇ ਆਪ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਬੈਨਰ ਚੁੱਕੇ ਹੋਏ ਹਨ ਅਤੇ ਸਵੇਰੇ 11 ਵਜੇ ਤੋਂ ਹੀ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਹੈ।
’ਸਰਕਾਰ ਨਾਲ ਮੱਥਾ ਲਾਵਾਂਗੇ, ਹਵਾਰਾ ਨੂੰ ਬਾਹਰ ਲਿਆਵਾਂਗੇ’
’ਸਰਕਾਰ ਨਾਲ ਮੱਥਾ ਲਾਵਾਂਗੇ, ਹਵਾਰਾ ਨੂੰ ਬਾਹਰ ਲਿਆਵਾਂਗੇ’ ‘ ਦੇ ਨਾਅਰੇ ਵੀ ਲਾਏ ਜਾ ਰਹੇ ਹਨ। ਦੱਸ ਦੇਈਏ ਕਿ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਾਤਲ ਹੈ ਅਤੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਭਿੰਡਰਾਂਵਾਲੇ ਦੇ ਪੋਸਟਰ ਵੀ ਚੁੱਕੇ ਹੋਏ ਹਨ।
ਇਨ੍ਹਾਂ 4 ਮੰਗਾਂ ਨੂੰ ਲੈ ਕੇ ਪੱਕਾ ਮੋਰਚਾ
ਸਿੱਖ ਪ੍ਰਦਰਸ਼ਨਕਾਰੀ ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੀਆਂ 4 ਮੁੱਖ ਮੰਗਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀਆਂ ਹਨ। ਇਨਸਾਫ਼ ਨਹੀਂ ਮਿਲ ਰਿਹਾ। ਅਜਿਹੇ ‘ਚ ਕੋਮੀ ਇਨਸਾਫ ਮੋਰਚਾ ਲਗਾਇਆ ਜਾ ਰਿਹਾ ਹੈ। ਕਿਹਾ ਗਿਆ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਦੂਜੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਗੁਰਚਰਨ ਸਿੰਘ ਨੇ ਕਿਹਾ ਕਿ ਇਹ ਪੱਕਾ ਮੋਰਚਾ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।