ਲੋਕ ਸਭਾ ਹਲਕਾ ਜਲੰਧਰ ‘ਚ ਚੋਣ 10 ਮਈ ਨੂੰ ਹੋਵੇਗੀ ਜਿਸ ਨੂੰ ਲੈਕੇ ਸਿਆਸਤ ਗਰਮਾਈ ਹੋਈ ਹੈ। ਜ਼ਿਮਣੀ ਚੋਣ ਜਿੱਤਣ ਲਈ ਹਰ ਸਿਆਸੀ ਪਾਰਟੀ ਆਪਣਾ ਪੂਰਾ ਵਾਹ ਲਗਾ ਰਹੀ ਹੈ। ਇਸ ਦੌਰਾਨ ਚੋਣ ਪ੍ਰਚਾਰ ਦਾ ਸਿਲਸਿਲਾ ਵੀ ਪੂਰੇ ਜ਼ੋਰਾ-ਸ਼ੋਰਾਂ ’ਤੇ ਚੱਲ ਰਿਹਾ ਹੈ। ਇਸ ਮੌਕੇ ਜਲੰਧਰ ਵਿਖੇ ਭਾਜਪਾ ਵੱਲੋਂ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਤੋਂ ਬਾਅਦ ਲੀਡਰਾਂ ਨੇ ਪ੍ਰੈੱਸ ਵਾਰਤਾ ਕੀਤੀ ਜਿਸ ਵਿਚ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਰਹੇ। ਇਸ ਦੌਰਾਨ ਉਹ ਪੰਜਾਬ ਦੀ ਮੌਜੂਦਾ ਸਰਕਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਨੂੰ ਵੀ ਭੰਡਦੇ ਹੋਏ ਵਿਖਾਈ ਦਿੱਤੇ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਫੜਿਆ ਗਿਆ ਹੈ, ਚੰਗੀ ਗੱਲ ਹੈ ਪਰ ਇਸ ਨੂੰ 30 ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਕਿਸੇ ਵੀ ਤਰ੍ਹਾਂ ਸਿੱਖ ਆਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਭ ਦਾ ਹੈ। ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਅੰਦਰ ਹੋਣਾ ਚਾਹੀਦਾ ਹੈ। ਉਥੇ ਹੀ ਦੂਜੇ ਪਾਸੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ‘ਤੇ ਕੈਪਟਨ ਨੇ ਸੀ.ਐਮ. ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਸਿਸਟਮ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸੀ.ਐਮ. ਭਗਵੰਤ ਮਾਨ ਬਿਆਨ ਦੇਣ ਤੋਂ ਪਹਿਲਾਂ ਸਿਸਟਮ ਸਮਝਣ। ਉਹਨਾਂ ਕਿਹਾ ਕਿ ਕਾਨੂੰਨ ਮੁਤਾਬਕ ਹੀ ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਸੀ। ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਯੂਪੀ ਪੁਲਿਸ ਤੋਂ ਮਨਜ਼ੂਰੀ ਲੈਕੇ ਹੀ ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਸੀ।
ਇਸ ਤੋਂ ਇਲਾਵਾ ਕਾਂਗਰਸ ਅਤੇ ਭਾਜਪਾ ਵਿਚਲੇ ਫਰਕ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸਾਰੇ ਫ਼ੈਸਲੇ ਗਾਂਧੀ ਪਰਿਵਾਰ ਹੀ ਲੈਂਦਾ ਹੈ ਅਤੇ ਇਸ ਲਈ ਉਨ੍ਹਾਂ ਨੇ 3 ਤੋਂ 4 ਲੋਕਾਂ ਦੀ ਟੀਮ ਬਣਾਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸੀ ਲੋਕ ਪੰਜਾਬ ਬਾਰੇ ਨਹੀਂ ਜਾਣਦੇ, ਉਹ ਪੰਜਾਬ ਵਿੱਚ ਟਿਕਟਾਂ ਦੀ ਵੰਡ ਕਰਦੇ ਹਨ ਜਦਕਿ ਭਾਜਪਾ ‘ਚ ਪਾਰਟੀ ਆਗੂਆਂ ਦਾ ਸਮੂਹਿਕ ਫ਼ੈਸਲਾ ਹੁੰਦਾ ਹੈ ਅਤੇ ਇਸ ਲਈ ਵਰਕਰਾਂ ਦੀ ਰਾਏ ਵੀ ਲਈ ਜਾਂਦੀ ਹੈ।