ਅਜਨਾਲਾ ਘਟਨਾਕ੍ਰਮ ‘ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਜਿਥੇ ਉਹਨਾਂ ਨੇ ਪੰਜਾਬ ਸਰਕਾਰ ‘ਤੇ ਸਵਾਲ ਖੜੇ ਕੀਤੇ ਸਨ ਉਥੇ ਹੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ‘ਤੇ ਵੀ ਸ਼ਬਦੀ ਵਾਰ ਕੀਤਾ ਸੀ। ਹੁਣ ਉਹਨਾਂ ਦੇ ਬਿਆਨ ’ਤੇ ਅੰਮ੍ਰਿਤਪਾਲ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਮਜੀਠੀਆ ਨੂੰ ਤਕਲੀਫ ਇਹ ਹੈ ਕਿ ਅਸੀਂ ਨਸ਼ਿਆਂ ਖਿਲਾਫ ਮੁਹਿੰਮ ਚਲਾ ਰਹੇ ਹਾਂ। ਉਨ੍ਹਾਂ ਆਖਿਆ ਕਿ ਇਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ ਡਰੱਗ ਤੋਂ ਚੱਲਦੀ ਹੈ, ਜੇਕਰ ਮੈਂ ਕਿਸੇ ਦੇ ਕਾਰੋਬਾਰ ਉਤੇ ਲੱਤ ਮਾਰਾਂ ਤਾਂ ਉਹ ਪਰੇਸ਼ਾਨ ਨਾ ਹੋਵੇ ਤਾਂ ਹੋਰ ਕੀ ਕਰੇ। ਜੇ ਕਿਸੇ ਦੀ ਰੋਜ਼ੀ ਰੋਟੀ ਖੋਹ ਲਈਏ ਤਾਂ ਉਸ ਨੇ ਪਰੇਸ਼ਾਨ ਤਾਂ ਹੋਣਾ ਹੀ ਹੈ। ਤੁਸੀਂ ਉਸ ਦੀ ਮਜ਼ਬੂਰੀ ਸਮਝਿਆ ਕਰੋ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁੱਛੋ ਕਿ ਥਾਣੇ ਉਤੇ ਕਬਜ਼ਾ ਕਿਸ ਨੇ ਕੀਤਾ ਸੀ। ਅਸੀਂ ਅੰਦਰ ਦਸ ਗਿਣਤੀ ਦੇ ਬੰਦੇ ਗਏ ਸੀ ਤੇ ਉਥੇ ਬੈਠ ਕੇ ਗੱਲ਼ ਕੀਤੀ ਹੈ। ਪੁਲਿਸ ਨੇ ਕੋਈ ਦਾਅਵਾ ਨਹੀਂ ਕੀਤਾ ਕਿ ਥਾਣੇ ਉਤੇ ਕਬਜ਼ਾ ਹੋਇਆ ਹੈ। ਇਹ ਲੋਕ ਸਰਹੱਦੀ ਸੂਬੇ ਦੇ ਬਹਾਨਾ ਹਮੇਸ਼ਾ ਬਣਾਈ ਜਾਂਦੇ ਹਨ।