ਪਿੰਡ ਗੁੱਡਾ ਦੇ ਸਰਪੰਚ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਸਰਕਟ ਹਾਊਸ ਵਿਖੇ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਸ਼ਮ ਗਰਗ ਨੂੰ ਬੀਤੇ ਕੱਲ੍ਹ ਰੰਗੇ ਹੱਥੀ ਕਾਬੂ ਕੀਤਾ ਸੀ। ਇਸ ਮੁੱਦੇ ‘ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਜਿਥੇ ਸਰਕਟ ਹਾਊਸ ਬਾਹਰ ਹੰਗਾਮਾ ਚੱਲ ਰਿਹਾ ਹੈ, ਉਥੇ ਹੀ ਵਿਰੋਧੀਆਂ ਵੀ ਆਪ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ।
ਇਸੇ ਵਿਚਕਾਰ ਅੱਜ ਵਿਜੀਲੈਂਸ ਵਲੋਂ ਰਸ਼ਮ ਗਰਗ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਹੈ। ਜਿਥੇ ਅਦਾਲਤ ਨੇ ਰਸ਼ਮ ਗਰਗ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਜੀਲੈਂਸ ਵੱਲੋਂ ਅਦਾਲਤ ਅੱਗੇ ਪਹਿਲਾਂ ਲਈ ਗਈ ਰਿਸ਼ਵਤ ਦੀ ਰਿਕਵਰੀ ਸਬੰਧੀ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਦਸਣਯੋਗ ਹੈ ਕਿ ਸਰਕਟ ਹਾਊਸ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ ਤੋਂ ਬਾਅਦ ਵਿਜੀਲੈਂਸ ਵੱਲੋਂ ਰਸ਼ਮ ਗਰਗ ਘਰ ਵੀ ਦੇਰ ਰਾਤ ਛਾਪਾ ਮਾਰਿਆ ਗਿਆ ਸੀ ਅਤੇ ਰਿਕਾਰਡ ਖੰਗਾਲੇ ਜਾ ਰਹੇ ਸੀ। ਹੋਰ ਤਾਂ ਹੋਰ ਵਿਜੀਲੈਂਸ ਵਲੋਂ ਕਰੀਬ 2 ਘੰਟੇ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।