ਬੁਢਲਾਡਾ ਵਿਖੇ ਜੱਚਾ-ਬੱਚਾ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਕ ਵੱਡਾ ਦਾਅਵਾ ਠੋਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਵਜੋਂ 2 ਸਾਲ ਨਹੀਂ ਸਗੋਂ ਅਗਲੇ 20 ਸਾਲ ਪੂਰੇ ਕਰਾਂਗੇ। ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਕਹਿ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਕੋਲ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ ਇਹ ਲੋਕ 6 ਮਹੀਨੇ ਜਾਂ 2 ਸਾਲ ਸਰਕਾਰ ਨਹੀਂ ਚਲਾ ਸਕਣਗੇ। ਮੁੱਖ ਮੰਤਰੀ ਨੇ ਕਿਹਾ ਸੱਤਾ ‘ਚ ਆਉਣ ਤੋਂ ਬਾਅਦ ਅਸੀਂ ਬਿਜਲੀ ਮੁਫਤ ਕੀਤੀ, ਮੁਫ਼ਤ ਮੁਹੱਲਾ ਕਲੀਨਿਕ ਖੋਲ੍ਹੇ ਅਤੇ ਭ੍ਰਿਸ਼ਟਾਚਾਰ ਵੀ ਖ਼ਤਮ ਕੀਤਾ ਹੈ।
ਵਿਰੋਧੀਆਂ ‘ਤੇ ਨਿਸ਼ਾਨੇ ਸਾਧਦੇ ਹੋਏ ਸੀ.ਐਮ. ਨੇ ਕਿਹਾ ਕਿ ਇਹ ਲੋਕਾਂ ਨੂੰ ਕੱਠਪੁੱਤਲੀਆਂ ਸਮਝਦੇ ਹਨ, ਉਹੀ ਸਮਝਕੇ ਇਹ ਲੋਕ ਪੰਜਾਬ ਦੀ ਜਨਤਾ ਨੂੰ ਨਚਾਉਣ ਲੱਗ ਪਏ ਸੀ। ਉਹਨਾਂ ਕਿਹਾ ਕਿ ਇਹਨਾਂ ਨੇ 5-5 ਸਾਲ ਦੀਆਂ ਵਾਰੀਆਂ ਬੰਨ੍ਹੀਆਂ ਹੋਈਆਂ ਸੀ ਜੋ ਹੁਣ ਟੁੱਟ ਚੁੱਕੀਆਂ ਹਨ ਅਤੇ ਉਹ ਪੰਜਾਬ ਦੇ ਲੋਕਾਂ ਨੇ ਖੁਦ ਤੋੜੀਆਂ ਹਨ।