ਮੋਗਾ: ‘ਵਾਰਿਸ ਪੰਜਾਬ ਦੇ’ ਪ੍ਰਧਾਨ ਅੰਮ੍ਰਿਤਪਾਲ ਸਿੰਘ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸੇ ਦਰਮਿਆਨ ਸ਼ੁੱਕਰਵਾਰ ਨੂੰ ਮੋਗਾ ਦੇ ਪਿੰਡ ਰੋਡੇ ਵਿਖੇ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਉਨ੍ਹਾਂ ‘ਤੇ ਕੀਤੇ ਹਮਲੇ ਦਾ ਜਵਾਬ ਦਿੱਤਾ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਹਕੂਮਤ ਨੇ ਇਸ ਤਰ੍ਹਾਂ ਰਿਹਾਅ ਨਹੀਂ ਕਰਨਾ, ਜੇ ਅਸੀਂ ਆਪਣੀ ਡਫਲੀ ਅਲੱਗ-ਅਲੱਗ ਵਜਾਉਂਦੇ ਰਹੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਭੁੱਲ ਜਾਈਏ, ਹਕੂਮਤ ਨੇ ਹੋਰ ਬੰਦੀ ਬਣਾਉਣ ਦੀ ਤਿਆਰੀ ਕਰ ਲਈ ਹੈ।
ਇਥੇ ਦਸ ਦਈਏ ਕਿ ਪਿਛਲੇ ਦਿਨੀਂ ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਬਾਰੇ ਕੁਝ ਗੱਲਾਂ ਕਹੀਆਂ ਸਨ, ਜਿਸ ‘ਤੇ ਪਲਟਵਾਰ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਈ ਲੋਕ ਜਿਸ ਨੂੰ ਮਾਝੇ ਦਾ ਜਰਨੈਲ ਐਲਾਨੀ ਫਿਰਦੇ ਹਨ, ਮੇਰੇ ਬਾਰੇ ਆਖੀ ਫਿਰਦਾ ਹੈ ਕਿ ਇਹ ਹਿੰਦੂ-ਸਿੱਖਾਂ ਦੀ ਸਾਂਝ ਨੂੰ ਤੋੜ ਰਿਹਾ ਹੈ। ਅੰਮ੍ਰਿਤਪਾਲ ਨੇ ਸਪੱਸ਼ਟ ਕਿਹਾ ਕਿ ਹਿੰਦੂ-ਸਿੱਖਾਂ ਦੀ ਸਾਂਝ ਕਦੇ ਨਹੀਂ ਟੁੱਟਣੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਵਿਰੁੱਧ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਗਵਾਉਣੀ ਪਵੇ। ਅੰਮ੍ਰਿਤਸਰ ‘ਚ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅੰਮ੍ਰਿਤਪਾਲ ਕਦੀ ਕਿਸੇ ਨੂੰ ਮਾੜਾ ਕਹਿ ਰਿਹਾ ਹੈ ਤੇ ਕਦੀ ਕਿਸੇ ਨੂੰ, ਇਸ ਨੂੰ ਏਜੰਸੀਆਂ ਵੀ ਨਹੀਂ ਰੋਕ ਰਹੀਆਂ ਤੇ ਸਰਕਾਰ ਵੀ ਇਸ ਮਾਮਲੇ ‘ਤੇ ਮੌਨ ਧਾਰੀ ਬੈਠੀ ਹੈ। ਇਹ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।