ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਕਨਵੀਨਰ ਮਨਿੰਦਰਜੀਤ ਸਿੰਘ ਬਿੱਟਾ ਨੂੰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਵਲੋਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਬਿੱਟਾ ਵਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਬਿੱਟਾ ਨੇ ਦਿੱਲੀ ਐੱਨ. ਸੀ. ਆਰ. ‘ਚ ਧਾਰਾ-506 ਤਹਿਤ ਰਿਪੋਰਟ ਦਰਜ ਕਰਵਾ ਦਿੱਤੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਗਾਲ੍ਹਾਂ ਕੱਢ ਰਿਹਾ ਸੀ ਅਤੇ ਬਿੱਟਾ ਵੱਲੋਂ ਜਨਤਕ ਤੌਰ ’ਤੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਪੁੱਠਾ-ਸਿੱਧਾ ਬੋਲ ਰਿਹਾ ਸੀ। ਉਸ ਵਿਅਕਤੀ ਨੇ ਇਹ ਵੀ ਕਿਹਾ ਕਿ ਉਹ ਤੁਹਾਡੇ ਬੌਸ ਬਿੱਟਾ ਨੂੰ ਜਾਨੋਂ ਮਰਵਾ ਦੇਵੇਗਾ। ਇਸ ਫੋਨ ਤੋਂ ਬਾਅਦ ਇਕ ਹੋਰ ਅਣਪਛਾਤੇ ਨੰਬਰ ਤੋਂ ਕਾਲ ਆਈ ਤੇ ਕਿਹਾ ਗਿਆ ਕਿ 24 ਘੰਟਿਆਂ ਵਿੱਚ ਬਿੱਟਾ ਦਾ ਅੰਤ ਕਰ ਦਿੱਤਾ ਜਾਵੇਗਾ।
ਐੱਨ. ਸੀ. ਆਰ. ਵਿੱਚ ਦਰਜ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਹੋਰ ਅਣਪਛਾਤੇ ਨੰਬਰ ਤੋਂ ਕਾਲ ਆਈ, ਜੋ ਕਾਂਸਟੇਬਲ ਸ਼ਿਵ ਕੁਮਾਰ ਨੇ ਰਿਸੀਵ ਕੀਤੀ। ਦੂਜੇ ਪਾਸਿਓਂ ਬੋਲ ਰਿਹਾ ਵਿਅਕਤੀ ਕਹਿ ਰਿਹਾ ਸੀ ਕਿ ਅੰਮ੍ਰਿਤਪਾਲ ਨੂੰ ਛੱਡ ਦਿਓ। ਇਕ ਹੋਰ ਫੋਨ ਕਾਲ ਆਈ, ਜੋ ਬਿੱਟਾ ਵੱਲੋਂ ਰਿਕਾਰਡ ਵੀ ਕੀਤੀ ਗਈ, ਜਿਸ ਵਿੱਚ ਕਿਹਾ ਗਿਆ ਕਿ ਉਹ ਕੈਨੇਡਾ ਤੋਂ ਗੋਲਡੀ ਬਰਾੜ ਬੋਲ ਰਿਹਾ ਹੈ। ਬਿੱਟਾ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਤੇ ਨਾ ਹੀ ਰਾਸ਼ਟਰ ਅਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਲੈ ਕੇ ਚੁੱਪ ਬੈਠਣਗੇ।
ਦਸ ਦੲਏ ਕਿ ਬਿੱਟਾ ਦੀ ਸੁਰੱਖਿਆ ’ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਅਮੋਲ ਬੁੱਧੀਰਾਜਾ ਨੇ ਰਿਪੋਰਟ ਦਰਜ ਕਰਵਾਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਕ ਅਣਪਛਾਤੇ ਨੰਬਰ ਤੋਂ ਉਨ੍ਹਾਂ ਨੂੰ ਫੋਨ ਆਇਆ ਸੀ। ਬਿੱਟਾ ਦਾ ਮੋਬਾਇਲ ਉਨ੍ਹਾਂ ਦੇ ਕੋਲ ਸੀ ਅਤੇ ਉਨ੍ਹਾਂ ਫੋਨ ਰਿਸੀਵ ਕੀਤਾ ਸੀ।