ਇਸ ਵਖ਼ਤ ਦੀ ਵੱਡੀ ਖ਼ਬਰ ਫਰਾਰ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਉਸਦੀ ਪਰਛਾਈ ਬਣਕੇ 24 ਘੰਟੇ ਉਸਦੇ ਨਾਲ ਰਹਿਣ ਵਾਲੇ ਗੰਨਮੈਨ ਵਰਿੰਦਰ ਸਿੰਘ ਜੌਹਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਰ ਵਰਿੰਦਰ ਜੌਹਲ ’ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸ ‘ਤੇ ਐੱਨ. ਐੱਸ. ਏ. (ਨੈਸ਼ਨਲ ਸਕਿਓਰਿਟੀ ਐਕਟ) ਵੀ ਲਗਾਇਆ ਗਿਆ ਹੈ। ਇਸਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਵਰਿੰਦਰ ਜੌਹਲ ਨੌਜਵਾਨਾਂ ਨੂੰ ਏ.ਕੇ.ਐਫ਼. ਦੀ ਟ੍ਰੇਨਿੰਗ ਵੀ ਦੇ ਰਿਹਾ ਸੀ। ਹੁਣ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਅਤੇ ਇਸ ਦੌਰਾਨ ਕਈ ਖ਼ੁਲਾਸੇ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ।
ਦਸ ਦਈਏ ਕਿ ਵਰਿੰਦਰ ਜੌਹਲ, ਥਲ ਸੈਨਾ ’ਚੋਂ ਸੇਵਾ ਮੁਕਤ ਹੈ ਅਤੇ ਅੰਮ੍ਰਿਤਪਾਲ ਦਾ ਅੰਗ ਰੱਖਿਅਕ ਸੀ। ਉਸ ਕੋਲ ਜੰਮੂ-ਕਸ਼ਮੀਰ ਤੋਂ ਜਾਰੀ ਹਥਿਆਰਾਂ ਦਾ ਲਾਇਸੈਂਸ ਸੀ, ਜੋ 23 ਫਰਵਰੀ ਨੂੰ ਅਜਨਾਲਾ ਝੜਪ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਹ ਉਨ੍ਹਾਂ 10 ਬੰਦੂਕਧਾਰੀਆਂ ਵਿੱਚ ਸ਼ਾਮਲ ਸੀ, ਜੋ ਹਰ ਸਮੇਂ ਅੰਮ੍ਰਿਤਪਾਲ ਦੇ ਨਾਲ ਰਹਿੰਦੇ ਸਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਜੌਹਲ ਸਮੇਤ ਹੁਣ ਤੱਕ 8 ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾ ਚੁੱਕਾ ਹੈ ਅਤੇ ਐੱਨ. ਐੱਸ. ਏ. ਧਾਰਾ ਲਗਾਈ ਗਈ ਹੈ।