ਖਾਲਿਸਤਾਨੀ ਪੱਖੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਇਕ ਵੱਡੀ ਮੁਸੀਬਤ ਵਿਚ ਫਸ ਗਏ ਹਨ ਅਤੇ ਉਹਨਾਂ ‘ਤੇ ਇਕ ਨੌਜਵਾਨ ਵਲੋਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।
ਦਰਅਸਲ ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਚਮਕੌਰ ਸਾਹਿਬ ਦੇ ਵਰਿੰਦਰ ਸਿੰਘ ਨਾਮਕ ਨੌਜਵਾਨ ਵਲੋਂ ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਖਿਲਾਫ਼ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾਈ ਗਈ ਸੀ। ਜਿਸ ਤੋਂ ਬਾਅਦ ਵਰਿੰਦਰ ਸਿੰਘ ਦੇ ਕਹਿਣ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਆਪਣੇ ਪਿੰਡੋਂ ਦਮਦਮੀ ਟਕਸਾਲ ਅਜਨਾਲਾ ਦੇ ਵਿੱਚ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚਿਆ, ਫਿਰ ਉਸਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡਾ ਜੋ ਕੋਈ ਵਿਵਾਦ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਚੱਲ ਰਿਹਾ ਹੈ, ਉਸ ਬਾਰੇ ਗੱਲਬਾਤ ਕਰਨੀ ਹੈ। ਜਿਸ ‘ਤੇ ਉਸ ਨੇ ਉਨ੍ਹਾਂ ਨੂੰ ਅਜਨਾਲਾ ਟਕਸਾਲ ਵਿਚ ਮਿਲਣ ਲਈ ਸੱਦ ਲਿਆ।
ਇਸ ਤੋਂ ਬਾਅਦ ਕੁੱਝ ਨੌਜਵਾਨ ਉਸ ਕੋਲ ਆਏ ਅਤੇ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਉਸ ਨੂੰ ਗੇਟ ਤੋਂ ਬਾਹਰ ਲੈ ਗਏ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਕਾਰ ਵਿਚ ਪਾ ਕੇ ਜੰਡਿਆਲਾ ਗੁਰੂ ਵਿਚ ਕਿਸੇ ਅਣਪਛਾਤੀ ਥਾਂ ‘ਤੇ ਲੈ ਗਏ, ਜਿੱਥੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਪੀੜਤ ਵਿਅਕਤੀ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਕਿ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਪੀੜਤ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਪੀੜਤ ਵਿਅਕਤੀ ਵਰਿੰਦਰ ਸਿੰਘ ਦੇ ਬਿਆਨਾਂ ‘ਤੇ ਅੰਮ੍ਰਿਤਪਾਲ ਸਿੰਘ ਸਮੇਤ ਉਸਦੇ 5 -6 ਸਾਥੀਆਂ ‘ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ਅਤੇ 20-25 ਅਣਪਛਾਤੇ ਵਿਅਕਤੀਆਂ ‘ਤੇ ਧਾਰਾ 365, 379, 148-149 ਅਤੇ 323 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।