ਜਿਥੇ ਇਕ ਪਾਸੇ ਖਾਲਿਸਤਾਨੀ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਉਥੇ ਹੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੇ ਸਾਥੀਆਂ ‘ਤੇ ਵੱਡੀ ਕਾਰਵਾਈ ਕਰ ਦਿੱਤੀ ਹੈ। ਪੁਲਿਸ, ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਅਸਾਮ ਲੈਕੇ ਪਹੁੰਚ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਅਸਾਮ ਲਿਜਾਇਆ ਗਿਆ ਹੈ ਅਤੇ ਪੁਲਿਸ ਇਨ੍ਹਾਂ ਨੂੰ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ। ਇਸ ਮਾਮਲੇ ਦੇ ਵਿਚ ਪੁਲਿਸ ਅਧਿਕਾਰੀ ਵਲੋਂ ਜਾਣਕਾਰੀ ਦਿੱਤੀ ਗਈ ਹੈ।
ਦਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ ਹੈ, ਜਿਸ ਨੂੰ ਪੁਲਿਸ ਨੇ ਹੁਣ ਭਗੌੜਾ ਐਲਾਨ ਦਿੱਤਾ ਹੈ। ਇਸੇ ਦੌਰਾਨ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਉਧਰ, ਪੰਜਾਬ ਸਰਕਾਰ ਨੇ ਇੰਟਰਨੈਟ ਉਤੇ ਪਾਬੰਦੀ ਕੱਲ੍ਹ ਯਾਨੀ ਸੋਮਵਾਰ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।