ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਕਰਕੇ ਕਾਰ ਦੀ ਤਲਾਸ਼ੀ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਗ੍ਰੇਨੇਡ ਤੇ ਇੱਕ ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਦੋਵੇਂ ਮੁਲਜਮ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਦੌਰਾਨ ਉਕਤ ਕਾਰ ‘ਚੋਂ ਸਮੱਗਰੀ ਬਰਾਮਦ ਹੋਈ ਹੈ। ਪੁਲਿਸ ਕਮਿਸ਼ਨਰ ਮੁਤਾਬਕ ਦੋਵਾਂ ਮੁਲਜਮਾਂ ‘ਚੋਂ ਇਕ ਮੁਲਜ਼ਮ ਪਹਿਲਾਂ 30 ਕਿਲੋ ਹੈਰੋਇਨ ਦੇ ਮਾਮਲੇ ‘ਚ ਜੇਲ੍ਹ ‘ਚ ਨਜ਼ਰਬੰਦ ਸੀ ਤੇ ਪੈਰੋਲ ‘ਤੇ ਆਇਆ ਸੀ ਪਰ ਵਾਪਸ ਨਹੀਂ ਗਿਆ। ਪੁਲਿਸ ਹੁਣ ਇਸ ਸਾਰੇ ਮਾਮਲੇ ਦੀ ਜਾਂਚ ‘ਚ ਲੱਗੀ ਹੈ ਕਿ ਉਕਤ ਸਮੱਗਰੀ ਕਿੱਥੋਂ ਲੈ ਕੇ ਆਇਆ ਸੀ ਤੇ ਕਿਸ ਥਾਂ ‘ਤੇ ਇਸ ਦੀ ਸਪਲਾਈ ਕਰਨੀ ਸੀ।
ਪੁਲਿਸ ਕਮਿਸ਼ਨਰ ਮੁਤਾਬਕ ਏਨਾ ਨੂੰ ਕਿਸੇ ਅੱਤਵਾਦੀ ਜਥੇਬੰਦੀ ਨਾਲ ਜੋੜਨਾ ਹਾਲੇ ਠੀਕ ਨਹੀਂ ਪਰ ਜਾਂਚ ‘ਚ ਕਿਸੇ ਵੀ ਸੰਭਾਵਨਾ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਦੀਆਂ ਟੀਮਾਂ ਜਾਂਚ ‘ਚ ਜੁੱਟ ਗਈਆਂ ਹਨ। ਹਾਸਲ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਤੇ ਅੰਗਰੇਜ ਸਿੰਘ ਕਾਰ ‘ਚ ਸਵਾਰ ਹੋ ਕੇ ਪਠਾਨਕੋਟ ਵੱਲ ਜਾ ਰਹੇ ਸਨ। ਅੰਮ੍ਰਿਤਸਰ ਦੇ ਮਕਬੂਲਪੁਰਾ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਵਿਸ਼ੇਸ਼ ਨਾਕਾ ਲਗਾਇਆ ਗਿਆ। ਜਿੱਥੇ ਮੁਲਜ਼ਮਾਂ ਨੂੰ ਫੜਨ ਵਿੱਚ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁਲਜ਼ਮ ਪਾਕਿਸਤਾਨ ਤੋਂ ਮਿਲੀ ਲੋਕੇਸ਼ਨ ਤੋਂ ਗ੍ਰਨੇਡ ਚੁੱਕ ਕੇ ਅੱਗੇ ਪਹੁੰਚਾਉਣ ਦੀ ਤਿਆਰੀ ਕਰ ਰਹੇ ਸਨ।