ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਵਿਰਾਸਤੀ ਮਾਰਗ ਉਪਰ 31-32 ਘੰਟਿਆਂ ‘ਚ ਵਾਪਰੇ 2 ਬਲਾਸਟ ‘ਤੇ ਵੱਖ-ਵੱਖ ਪੁਲਿਸ ਟੀਮਾਂ ਜਾਂਚ-ਪੜਤਾਲ ਕਰ ਰਹੀਆਂ ਹਨ। ਇਸ ਦਰਮਿਆਨ ਹੁਣ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ NIA (ਰਾਸ਼ਟਰੀ ਜਾਂਚ ਏਜੰਸੀ) ਇਸ ਘਟਨਾ ‘ਚ ਜਾਂਚ ਕਰਨ ਲਈ ਅੰਮ੍ਰਿਤਸਰ ਪੁੱਜ ਗਈ ਹੈ ਅਤੇ ਟੀਮ ਦੇ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਐਨਆਈਏ ਦੀ ਟੀਮ ਅੰਮ੍ਰਿਤਸਰ ਪਹੁੰਚੀ। ਟੀਮ ਨੇ ਘਟਨਾ ਵਾਲੀ ਥਾਂ ਨੂੰ ਦੁਬਾਰਾ ਬਣਾਇਆ ਅਤੇ ਪੂਰੇ ਇਲਾਕੇ ਦਾ ਮੁਆਇਨਾ ਵੀ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਚੌਕਸ ਰਹੀਆਂ।
ਹੈਰੀਟੇਜ ਰੋਡ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਪੁਲਿਸ ਅਜੇ ਤੱਕ ਕਾਰਨਾਂ ਤੱਕ ਨਹੀਂ ਪਹੁੰਚ ਸਕੀ ਹੈ। ਪੁਲਿਸ ਅੱਤਵਾਦੀ ਹਮਲੇ, ਸ਼ਰਾਰਤ ਜਾਂ ਨਿੱਜੀ ਕਾਰਨ ਤਿੰਨੋਂ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਐਨ.ਆਈ.ਏ ਦੇ ਦਾਖਲ ਹੋਣ ਨਾਲ ਅੱਤਵਾਦੀ ਮਾਡਿਊਲ ਹੋਣ ਦੀ ਸੰਭਾਵਨਾ ਜ਼ਿਆਦਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ NIA ਦੀ ਟੀਮ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਵਿਸਫੋਟਕ ਨਹੀਂ ਮਿਲਿਆ ਅਤੇ ਅਜਿਹਾ ਲੱਗਦਾ ਹੈ ਕਿ ਵਿਸਫੋਟਕ ਇੱਕ ਡੱਬੇ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਬਲਾਸਟ ਕਿਸੇ ਦੀ ਸਾਜਿਸ਼ ਸੀ ਜਾਂ ਇਸ ਪਿੱਛੇ ਕੋਈ ਅੱਤਵਾਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ।
ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਡੀਜੀਪੀ ਨੇ ਦੱਸਿਆ ਕਿ ਸਵੇਰੇ 6.15 ਵਜੇ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਵਿਸਫੋਟਕ ਬਹੁਤ ਹੀ ਦੇਸੀ ਤਰੀਕੇ ਨਾਲ ਬਣਾਇਆ ਗਿਆ ਸੀ। ਹਾਲਾਂਕਿ ਕਿਸੇ ਵੀ ਸ਼ੈਪਨੇਲ ਦੀ ਵਰਤੋਂ ਨਹੀਂ ਕੀਤੀ ਗਈ ਸੀ ਪਰ ਧਮਾਕੇ ਦੀ ਆਵਾਜ਼ ਉੱਚੀ ਸੀ। ਅਧਿਕਾਰੀ ਨੇ ਕਿਹਾ ਕਿ ਖੇਤਰ ਵਿੱਚ ਦੋ ਧਮਾਕਿਆਂ ਦੀ “ਵਿਗਿਆਨਕ ਰੂਪ ਨਾਲ ਜਾਂਚ” ਕੀਤੀ ਜਾ ਰਹੀ ਹੈ।