ਅਜਨਾਲਾ ‘ਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਅੱਜ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਵਲੋਂ ਅੰਮ੍ਰਿਤਪਾਲ ਸਿੰਘ ਦਾ ਪੁੱਤਲਾ ਫੂਕਣ ਦੀ ਤਿਆਰੀ ਕੀਤੀ ਗਈ ਸੀ। ਪਰ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਉਥੇ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪੁਹੰਚ ਕੇ ਸ਼ਿਵ ਸੈਨਾ ਦੇ ਆਗੂਆਂ ਨੂੰ ਪੁੱਤਲਾ ਫੂਕਣ ਤੋਂ ਰੋਕਿਆ ਅਤੇ ਹਿਰਾਸਤ ਵਿੱਚ ਲੈ ਲਿਆ ਅਤੇ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ।
ਇਸ ਮੌਕੇ ਗੱਲਬਾਤ ਦੌਰਾਨ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਪਿਛਲੇ ਦਿਨੀਂ ਅਜਨਾਲਾ ਵਿੱਚ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਗਈ ਅਤੇ ਪੁਲਿਸ ਅਧਿਕਾਰੀਆਂ ਨੂੰ ਜਖਮੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪੁੱਤਲਾ ਫੂਕਣ ਆਏ ਸੀ ਪਰ ਪੁਲਿਸ ਨਾਲ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਡੇ ਤੋਂ 7 ਦਿਨ ਦਾ ਸਮਾਂ ਮੰਗਿਆ ਹੈ ਕਿ ਅਸੀਂ ਅੰਮ੍ਰਿਤਪਾਲ ਸਿੰਘ ’ਤੇ ਕਾਰਵਾਈ ਕਰਾਂਗੇ। ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਜੇਕਰ 7 ਦਿਨਾਂ ਦੇ ਅੰਦਰ ਅਗਰ ਅੰਮ੍ਰਿਤਪਾਲ ਸਿੰਘ ’ਤੇ ਕਾਰਵਾਹੀ ਨਹੀਂ ਹੋਈ ਤਾਂ ਦੋਬਾਰਾ ਪ੍ਰਦਰਸ਼ਨ ਕਰਾਂਗੇ ।
ਦੂਸਰੇ ਪਾਸੇ ਮੌਕੇ ‘ਤੇ ਪੁਹੰਚੇ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਪੁੱਤਲਾ ਫੂਕਣ ਨਹੀਂ ਦੇਣਗੇ। ਇਸ ਦੌਰਾਨ ਏਸੀਪੀ ਕੰਵਲਜੀਤ ਸਿੰਘ ਔਲਖ ਨੇ ਮੀਡੀਆ ਨੂੰ ਬਿਨਾਂ ਕੁਝ ਕਹੇ ਸਿਰਫ਼ ਇਹ ਗੱਲ ਆਖੀ ਕਿ ਉਹਨਾਂ ਨੇ ਕਾਨੂੰਨ ਮੁਤਾਬਕ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਹੈ।