ਅੰਮ੍ਰਿਤਸਰ ‘ਚ ਹੋਏ ਬੰਬ ਧਮਾਕਿਆਂ ਨੂੰ ਲੈਕੇ ਪੁਲਿਸ ਲਗਾਤਾਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾਕ੍ਰਮ ਪਿੱਛੇ ਕੀ ਕਾਰਨ ਹੈ। ਇਸ ਦੌਰਾਨ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਗ੍ਰਿਫ਼ਤਾਰ ਕੀਤੇ ਮੁੱਖ ਦੋਸ਼ੀ ਅਜ਼ਾਦਬੀਰ ਸਿੰਘ ਨੂੰ ਘਟਨਾਸਥਾਨ ‘ਤੇ ਲੈਕੇ ਪਹੁੰਚੀ ਹੈ। ਪੁਲਿਸ ਦੋਸ਼ੀ ਅਜ਼ਾਦਬੀਰ ਸਿੰਘ ਨੂੰ ਪਾਰਕਿੰਗ ਵਾਲੀ ਥਾਂ ’ਤੇ ਜਾਂਚ ਲਈ ਆਪਣੇ ਨਾਲ ਲੈਕੇ ਗਈ ਅਤੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਸੀਨ ਨੂੰ ਰੀਕ੍ਰੇਟ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ. ਆਈ. ਏ. ਅਤੇ ਐੱਨ. ਐੱਸ. ਜੀ. ਦੀ ਟੀਮ ਬਿਨਾਂ ਕਿਸੇ ਅੱਤਵਾਦੀ ਦੇ ਘਟਨਾ ਵਾਲੀ ਥਾਂ ’ਤੇ ਗਈ ਸੀ ਅਤੇ ਉੱਥੇ ਘਟਨਾ ਵਾਲੀ ਥਾਂ ਬਣਾ ਕੇ ਜਾਂਚ ਕੀਤੀ ਸੀ।
ਦੂਜੇ ਪਾਸੇ ਹੁਣ ਜਾਂਚ ਦੇ ਅਰਥ ਕੁਝ ਹੋਰ ਹਨ, ਕਿਉਂਕਿ ਹੁਣ ਮੁੱਖ ਮੁਲਜ਼ਮ ਪੁਲਿਸ ਦੇ ਨਾਲ ਸੀ। ਪਤਾ ਲੱਗਾ ਹੈ ਕਿ ਫੜੇ ਗਏ ਦੋਸ਼ੀ ਅਜ਼ਾਦਬੀਰ ਸਿੰਘ ਨੂੰ ਆਪਣੇ ਨਾਲ ਘਟਨਾ ਸਥਾਨ ’ਤੇ ਲੈ ਕੇ ਜਾਣ ਵਾਲੇ ਉੱਚ ਪੁਲਿਸ ਅਧਿਕਾਰੀਆਂ ਨੇ ਉਸ ਤੋਂ ਕਈ ਵੱਡੇ ਸਵਾਲ ਪੁੱਛੇ ਕਿ ਉਸ ਨੇ ਉੱਥੇ ਬੰਬ ਕਿਵੇਂ ਲਗਾਇਆ? ਧਾਗੇ ਨਾਲ ਕਿਵੇਂ ਬੰਨ੍ਹਿਆ?
ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅਜ਼ਾਦਬੀਰ ਸਿੰਘ ਤੋਂ ਸਾਰੇ ਸੀਨ ਰੀਕ੍ਰੇਟ ਕਰਵਾਏ ਗਏ। ਦੂਜੇ ਪਾਸੇ ਇਨ੍ਹਾਂ ਮਾਮਲਿਆਂ ਤੋਂ ਬਾਅਦ ਥਾਣਾ ਕੋਤਵਾਲੀ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਹੁਣ ਉਥੇ ਇੰਸਪੈਕਟਰ ਜਸਪਾਲ ਸਿੰਘ ਨੂੰ ਨਵਾਂ ਇੰਚਾਰਜ ਲਗਾਇਆ ਗਿਆ ਹੈ।