ਗੈਂਗਸਟਰ ਅੰਸਾਰੀ ਨੂੰ ਦਿੱਤੇ VIP ਟ੍ਰੀਟਮੈਂਟ ‘ਤੇ ਮੁੜ ਤੋਂ ਸਿਆਸਤ ਭੱਖ ਚੁੱਕੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਟਵਿਟਰ ਵਾਰ ਸ਼ੁਰੂ ਹੋ ਗਈ ਹੈ। UP ਦੇ ਗੈਂਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ‘ਚ ਰੱਖਣ ਅਤੇ ਉਸਦਾ ਕੇਸ ਸੁਪਰੀਮ ਕੋਰਟ ‘ਚ ਲੜਣ ਦੀ ਫੀਸ ‘ਤੇ ਆਏ 55 ਲੱਖ ਦਾ ਭੁਗਤਾਣ ਉਸ ਵੇਲੇ ਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲਣ ਦੇ ਸੀ.ਐਮ. ਦੇ ਕੀਤੇ ਟਵੀਟ ਤੋਂ ਬਾਅਦ ਸਾਬਕਾ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ।
ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ “ਸ਼੍ਰੀਮਾਨ ਭਗਵੰਤ ਮਾਨ ਅਜਿਹੇ ਬੇਤੁਕੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਸਿੱਖੋ, ਜੋ ਸਿਰਫ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਤੁਹਾਡੀ ਅਗਿਆਨਤਾ ਨੂੰ ਉਜਾਗਰ ਕਰ ਰਹੇ ਹਨ। ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਨਜ਼ਰਬੰਦ ਕੀਤਾ ਗਿਆ ਸੀ, ਇਸ ਸਭ ਵਿੱਚ ਮੁੱਖ ਮੰਤਰੀ ਜਾਂ ਜੇਲ੍ਹ ਮੰਤਰੀ ਕਿੱਥੋਂ ਆਉਂਦੇ ਹਨ?”
ਇਸ ਤੋਂ ਬਾਅਦ ਮੁੜ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਆਇਆ ਹੈ। ਉਹਨਾਂ ਟਵੀਟ ਜਾਰੀ ਕਰਦੇ ਹੋਏ ਕਿਹਾ, “ਕੈਪਟਨ ਸਾਹਬ ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰਖਵਾਲੀ ਕਰ ਰਿਹਾ ਹਾਂ। ਤੁਸੀ ਮੈਨੂੰ ਅਗਿਆਨੀ ਕਹਿ ਰਹੇ ਹੋ। ਕੈਪਟਨ ਸਾਹਬ ਮੁਗਲਾਂ ਦੇ ਰਾਜ ਵੇਲੇ ਤੁਸੀਂ ਮੁਗਲਾਂ ਨਾਲ ਸੀ। ਅੰਗਰੇਜ਼ਾਂ ਦੇ ਰਾਜ ਵੇਲੇ ਤੁਸੀਂ ਅੰਗਰੇਜ਼ਾਂ ਨਾਲ ਸੀ। ਕਾਂਗਰਸ ਦੇ ਰਾਜ ਵੇਲੇ ਤੁਸੀਂ ਕਾਂਗਰਸ ਨਾਲ ਸੀ। ਅਕਾਲੀਆਂ ਦੇ ਰਾਜ ਵੇਲੇ ਤੁਸੀਂ ਅਕਾਲੀਆਂ ਨਾਲ ਸੀ। ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ। ਥੋਡੀਆਂ ਸਿਆਣਪਾਂ ਨੇ ਈ ਪੰਜਾਬ ਦਾ ਬੇੜਾ ਗ਼ਰਕ ਕੀਤੈ।
ਦਸ ਦਈਏ ਕਿ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਆਖਿਆ ਸੀ ਕਿ UP ਦੇ ਗੈਂਗਸਟਰ ਅੰਸਾਰੀ ਨੂੰ ਆਪਣੀ ਦੋਸਤੀ ਨਿਭਾਉਣ ਲਈ ਪੰਜਾਬ ਦੀ ਜੇਲ੍ਹ ਚ ਰੱਖਣ ਅਤੇ ਉਸਦਾ ਕੇਸ ਸੁਪਰੀਮ ਕੋਰਟ ਚ ਲੜਣ ਦੀ ਫੀਸ 55 ਲੱਖ ਪੰਜਾਬ ਦੇ ਖ਼ਜ਼ਾਨੇ ਚੋਂ ਨਹੀ ਦਿੱਤੇ ਜਾਣਗੇ। ਉਸ ਵੇਲੇ ਦੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਹ ਪੈਸਾ ਵਸੂਲਿਆ ਜਾਵੇਗਾ। ਪੈਸਾ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਰੱਦ ਕੀਤੀਆਂ ਜਾਣਗੀਆ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਮੁੜ ਤੋਂ ਭੂਚਾਲ ਆ ਗਿਆ ਹੈ।