ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਪੈਰੋਲ ‘ਤੇ ਅੱਜ ਬਾਹਰ ਆ ਸਕਦਾ ਹੈ। ਰਾਮ ਰਹੀਮ ਨੇ ਹਰਿਆਣਾ ਜੇਲ੍ਹ ਵਿਭਾਗ ਨੂੰ ਅਰਜ਼ੀ ਰਾਹੀਂ 40 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ, ਜਿਸ ‘ਤੇ ਅੱਜ ਮਨਜ਼ੂਰੀ ਮਿਲ ਸਕਦੀ ਹੈ। ਦਸ ਦਈਏ ਕਿ ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੇ ਇਹ ਪੈਰੋਲ 25 ਜਨਵਰੀ ਦੇ ਮੱਦੇਨਜ਼ਰ ਮੰਗੀ ਹੈ। ਹਰਿਆਣਾ ਜੇਲ੍ਹ ਵਿਭਾਗ ਨੂੰ ਅਰਜ਼ੀ ਵਿੱਚ ਡੇਰਾ ਮੁਖੀ ਨੇ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਮਹਾਰਾਜ ਦੇ ਅਵਤਾਰ ਦਿਵਸ ਮੌਕੇ ਸ਼ਾਮਲ ਹੋਣ ਅਤੇ ਡੇਰੇ ਵਿੱਚ ਰਹਿਣ ਦੀ ਮਨਜੂਰੀ ਦੇਣ ਦੀ ਇੱਛਾ ਪ੍ਰਗਟਾਈ ਹੈ। ਡੇਰੇ ਵਿੱਚ ਇਸ ਦਿਨ ਭੰਡਾਰਾ ਅਤੇ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ।
ਖ਼ਬਰਾਂ ਅਨੁਸਾਰ, ਡੇਰਾ ਮੁਖੀ ਦੀ ਅਰਜ਼ੀ ‘ਤੇ ਹਰਿਆਣਾ ਜੇਲ੍ਹ ਵਿਭਾਗ ਵਿਚਾਰ ਕਰ ਰਿਹਾ ਹੈ। ਸੂਤਰਾਂ ਅਨੁਸਾਰ ਹਰਿਆਣਾ ਜੇਲ੍ਹ ਵਿਭਾਗ ਵੱਲੋਂ 20 ਜਨਵਰੀ (ਅੱਜ) ਰਾਮ ਰਹੀਮ ਦੀ ਅਰਜ਼ੀ ‘ਤੇ ਫੈਸਲਾ ਹੋ ਸਕਦਾ ਹੈ। ਹਾਲਾਂਕਿ ਜੇਕਰ ਡੇਰਾ ਮੁਖੀ ਨੂੰ ਪੈਰੋਲ ਮਿਲਦੀ ਹੈ ਤਾਂ ਉਹ ਕਿਥੇ ਰਹੇਗਾ ਇਸ ਬਾਰੇ ਅਜੇ ਕੁੱਝ ਪੱਕਾ ਤੈਅ ਨਹੀਂ ਹੈ। ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਡੇਰੇ ਵਿੱਚ ਉਤਸ਼ਾਹ ਹੈ ਅਤੇ ਸਾਰੇ ਰਸਤਿਆਂ ਨੂੰ ਸਜ਼ਾਵਟ ਕੀਤੀ ਜਾ ਰਹੀ ਹੈ। ਡੇਰਾ ਮੁਖੀ ਦੀ ਪੈਰੋਲ ਬਾਰੇ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਅਰਜ਼ੀ ਆਈ ਹੈ ਅਤੇ 40 ਦਿਨ ਦੀ ਪੈਰੋਲ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੱਤਰ ਨੂੰ ਅੱਗੇ ਭੇਜ ਦਿੱਤਾ ਹੈ। ਹੁਣ ਕਮਿਸ਼ਨਰ ਨੇ ਤੈਅ ਕਰਨਾ ਹੈ ਕਿ ਅੱਗੇ ਕੀ ਕਰਨਾ ਹੈ।