ਹਾਲ ਹੀ ਵਿਚ RBI ਨੇ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਕੀਤਾ ਸੀ ਅਤੇ ਆਦੇਸ਼ ਜਾਰੀ ਕੀਤੇ ਸੀ ਕਿ ਲੋਕ 2000 ਦੇ ਨੋਟ 23 ਮਈ ਤੋਂ 30 ਸਤੰਬਰ ਤੱਕ ਬੈਂਕਾਂ ‘ਚ ਜਾ ਕੇ ਬਦਲਵਾ ਸਕਦੇ ਹਨ। ਇਸਦੇ ਮੱਦੇਨਜ਼ਰ ਅੱਜ ਯਾਨੀ 23 ਮਈ ਨੂੰ ਬੈਕਾਂ ‘ਚ 2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਵੀ ਜਾਣਕਾਰੀ ਦੇ ਦਈਏ ਕਿ ਲੋਕ ਇਕ ਵਾਰ ‘ਚ ਸਿਰਫ਼ 20,000 ਹੀ ਜਮ੍ਹਾ ਕਰਵਾ ਸਕਦੇ ਹਨ।
ਦਰਅਸਲ, ਆਰਬੀਆਈ ਨੇ ਕਿਹਾ ਹੈ ਕਿ 30 ਸਤੰਬਰ ਤੋਂ ਬਾਅਦ 2 ਹਜ਼ਾਰ ਦੇ ਨੋਟ ਨੂੰ ਚਲਣ ਤੋਂ ਬਾਹਰ ਕਰ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਕੋਲ 2000 ਰੁਪਏ ਦੇ ਨੋਟ ਹਨ, ਉਨ੍ਹਾਂ ਨੂੰ ਇਹ ਨੋਟ ਬੈਂਕ ‘ਚ ਜਮ੍ਹਾ ਕਰਵਾਉਣ ਜਾਂ ਬਦਲਵਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਇਸ ਘੋਸ਼ਣਾ ਤੋਂ ਬਾਅਦ ਨਾ ਤਾਂ ਦੁਕਾਨਦਾਰ ਅਤੇ ਨਾ ਹੀ ਗਾਹਕ ਕਿਸੇ ਤੋਂ 2000 ਦਾ ਨੋਟ ਲੈਣਾ ਪਸੰਦ ਕਰਨਗੇ, ਕਿਉਂਕਿ ਉਨ੍ਹਾਂ ਨੂੰ ਇਸ ਨੂੰ ਬਦਲਣ ਜਾਂ ਜਮ੍ਹਾ ਕਰਵਾਉਣ ਲਈ ਬੈਂਕ ਜਾਣਾ ਪਵੇਗਾ। ਅੱਜ ਤੋਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਨੋਟਾਂ ਦੀ ਬਦਲੀ ਸ਼ੁਰੂ ਹੋ ਰਹੀ ਹੈ ਅਤੇ ਪਹਿਲੇ ਦਿਨ ਹੀ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਦੀ ਸੰਭਾਵਨਾ ਹੈ।
ਗਾਹਕ ਬੈਂਕ ਜਾ ਕੇ 2000 ਦਾ ਨੋਟ ਬਦਲ ਸਕਦੇ ਹਨ। ਇਸ ਦੇ ਲਈ ਨਾ ਤਾਂ ਕਿਸੇ ਆਈਡੀ ਦੀ ਲੋੜ ਪਵੇਗੀ ਅਤੇ ਨਾ ਹੀ ਕੋਈ ਫਾਰਮ ਭਰਨਾ ਪਵੇਗਾ। ਗਾਹਕ ਸਿਰਫ਼ ਬੈਂਕ ਜਾ ਕੇ ਕਾਊਂਟਰ ‘ਤੇ 2000 ਰੁਪਏ ਦਾ ਨੋਟ ਜਮ੍ਹਾ ਕਰਵਾ ਸਕਦੇ ਹਨ ਅਤੇ ਉਨ੍ਹਾਂ ਤੋਂ 500 ਰੁਪਏ ਜਾਂ ਕੋਈ ਹੋਰ ਕਰੰਸੀ ਨੋਟ ਲੈ ਸਕਦੇ ਹਨ।ਆਰਬੀਆਈ ਨੇ ਸਾਫ਼ ਕਿਹਾ ਹੈ ਕਿ ਨੋਟ ਬਦਲਣ ਲਈ ਕਿਸੇ ਖਾਤੇ ਦੀ ਲੋੜ ਨਹੀਂ ਹੈ। ਗਾਹਕ ਕਿਸੇ ਵੀ ਬੈਂਕ ਵਿੱਚ ਜਾ ਕੇ ਆਪਣੀ ਕਰੰਸੀ ਬਦਲ ਸਕਦੇ ਹਨ। ਨੋਟ ਬਦਲਣ ਲਈ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿਆ ਜਾ ਰਿਹਾ ਹੈ। ਗਾਹਕ ਇੱਕ ਵਾਰ ਵਿੱਚ ਸਿਰਫ਼ 20 ਹਜ਼ਾਰ ਤੱਕ ਹੀ ਬਦਲ ਸਕਦੇ ਹਨ।
ਉਧਰ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ 2 ਹਜ਼ਾਰ ਦੇ ਕਰੰਸੀ ਨੋਟਾਂ ਦੀ ਵਾਪਸੀ ਦਾ ਅਰਥਚਾਰੇ ’ਤੇ ਬਹੁਤ ਹੀ ਮਾਮੂਲੀ ਅਸਰ ਹੋਵੇਗਾ ਕਿਉਂਕਿ ਸਿਰਫ਼ 10.8 ਫ਼ੀਸਦੀ ਹੀ ਕਰੰਸੀ ਚਲਣ ਵਿੱਚ ਹੈ। ਵਾਪਸੀ ਦੇ ਅਮਲ ਨੂੰ ਰਿਜ਼ਰਵ ਬੈਂਕ ਦੇ ਕਰੰਸੀ ਪ੍ਰਬੰਧਨ ਅਰਪੇਸ਼ਨਜ਼ ਦਾ ਹਿੱਸਾ ਕਰਾਰ ਦਿੰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ 2000 ਦੇ ਜ਼ਿਆਦਾਤਰ ਨੋਟ ਖ਼ਜ਼ਾਨੇ ’ਚ 30 ਸਤੰਬਰ ਤੱਕ ਵਾਪਸ ਆ ਜਾਣਗੇ।
ਦਾਸ ਨੇ ਕਿਹਾ,‘‘2 ਹਜ਼ਾਰ ਦੇ ਨੋਟ ਆਮ ਲੈਣ-ਦੇਣ ’ਚ ਨਹੀਂ ਵਰਤੇ ਜਾਂਦੇ ਹਨ। ਸਾਨੂੰ ਪਤਾ ਲੱਗਿਆ ਕਿ ਇਨ੍ਹਾਂ ਨੋਟਾਂ ਦੀ ਵਰਤੋਂ ਲੈਣ-ਦੇਣ ’ਚ ਬਹੁਤ ਘੱਟ ਹੋ ਰਹੀ ਸੀ। ਇਸ ਕਰਕੇ ਆਰਥਿਕ ਗਤੀਵਿਧੀ ’ਤੇ ਉਨ੍ਹਾਂ ਦੀ ਵਾਪਸੀ ਦਾ ਕੋਈ ਅਸਰ ਨਹੀਂ ਪਵੇਗਾ।’’ ਉਨ੍ਹਾਂ ਕਿਹਾ ਕਿ ਆਰਬੀਆਈ ਵੱਲੋਂ ਕਰੰਸੀ ਨੋਟਾਂ ਦੀ ਵਾਪਸੀ ਦਾ ਅਮਲ ਸਮੇਂ ਸਮੇਂ ’ਤੇ ਕੀਤਾ ਜਾਂਦਾ ਰਿਹਾ ਹੈ। ਸਾਲ 2013-14 ’ਚ ਵੀ ਅਜਿਹਾ ਫ਼ੈਸਲਾ ਲਿਆ ਗਿਆ ਸੀ ਜਦੋਂ 2005 ਤੋਂ ਪਹਿਲਾਂ ਦੇ ਛਾਪੇ ਗਏ ਨੋਟਾਂ ਦਾ ਚਲਣ ਬੰਦ ਕਰ ਦਿੱਤਾ ਗਿਆ ਸੀ। ਦਾਸ ਨੇ ਕਿਹਾ ਕਿ 2 ਹਜ਼ਾਰ ਦੇ ਨੋਟ ਕਾਨੂੰਨੀ ਤੌਰ ’ਤੇ ਵੈਧ ਰਹਿਣਗੇ। ‘ਅਸੀਂ ਉਡੀਕ ਕਰਾਂਗੇ ਕਿ ਕਿੰਨੇ ਕੁ ਨੋਟ ਵਾਪਸ ਆ ਰਹੇ ਹਨ। ਮੈਂ ਕੋਈ ਸੰਭਾਵਨਾ ਨਹੀਂ ਜਤਾ ਸਕਦਾ ਕਿ 30 ਸਤੰਬਰ ਤੋਂ ਬਾਅਦ ਕੀ ਹੋਵੇਗਾ।’