ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅਤੇ ਇਸ ਸਮੇਂ ਪਾਕਿਸਤਾਨ ਵਿਚ ਰਹਿ ਰਹੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ ਗ੍ਰਹਿ ਮੰਤਰਾਲੇ ਨੇ ਵੱਡੀ ਕਾਰਵਾਈ ਕਰਦਿਆਂ ਅੱਤਵਾਦੀ ਐਲਾਨ ਦਿੱਤਾ ਹੈ। ਭਾਰਤ ਨੇ ਇਹ ਕਾਰਵਾਈ ਅੱਤਵਾਦ ਦੇ ਖਿਲਾਫ ਆਪਣੀ ਨੀਤੀ ਤਹਿਤ ਕੀਤੀ ਹੈ। ਦਸ ਦਈਏ ਕਿ ਰਿੰਦਾ ਸਾਲ 2021 ਵਿਚ ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ਵਿਚੋਂ ਇਕ ਹੈ। ਹਰਵਿੰਦਰ ਰਿੰਦਾ ਪੰਜਾਬ ਨਾਲ ਸਬੰਧਤ ਹੈ ਤੇ ਇਸ ਵੇਲੇ ਪਾਕਿਸਤਾਨ ਦੇ ਲਾਹੌਰ ਵਿਚ ਹੈ। ਮੰਤਰਾਲੇ ਨੇ ਰਿੰਦਾ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ।
ਦਸ ਦਈਏ ਕਿ ਇੰਟਰਪੋਲ ਉਸ ਖਿਲਾਫ਼ ਰੈੱਡ ਕਾਰਨਰ ਨੋਟਿਸ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਰਵਿੰਦਰ ਰਿੰਦਾ ਪਾਕਿਸਤਾਨ ਅਧਾਰਿਤ ਦਹਿਸ਼ਤੀ ਸਮੂਹਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਸੀ ਤੇ ਉਹ ਬਾਰਡਰ ਪਾਰੋਂ ਹੁੰਦੀ ਹਥਿਆਰਾਂ, ਗੋਲੀਸਿੱਕੇ ਤੇ ਫੌਜੀ ਸਾਜ਼ੋ-ਸਮਾਨ ਦੀ ਤਸਕਰੀ ਵਿਚ ਸ਼ਾਮਲ ਸੀ।
ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਹੀ ਸਰਕਾਰ ਵਲੋਂ ਖਾਲਿਸਤਾਨ ਟਾਈਗਰ ਫੋਰਸ ਅਤੇ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਨੂੰ ਵੀ ਅੱਤਵਾਦੀ ਸੰਗਠਨ ਐਲਾਨ ਕੇ ਪਾਬੰਦ ਕਰ ਦਿੱਤਾ ਹੈ। ਇਕ ਬਿਆਨ ਜਾਰੀ ਕਰਦਿਆਂ ਮੰਤਰਾਲੇ ਨੇ ਕਿਹਾ ਹੈ ਕਿ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਸੰਧੂ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਆਪਣੀਆਂ ਦਹਿਸ਼ਤ ਭਰੀਆਂ ਗਤੀਵਿਧੀਆਂ ਕਰਦਾ ਹੈ ਅਤੇ ਉਹ ਇਸ ਸੰਗਠਨ ਨਾਲ ਜੁੜ ਕੇ ਕੰਮ ਕਰਦਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਰਿੰਦਾ ਏਜੰਸੀਆਂ ਦੀ ਸੁਰੱਖਿਆ ਹੇਠਾਂ ਪਾਕਿਸਤਾਨ ਦੇ ਲਾਹੌਰ ਵਿੱਚ ਰਹਿ ਰਿਹਾ ਹੈ। ਉਸਦੇ ਨਾਂ ਕਈ ਅੱਤਵਾਦੀ ਕਾਰਵਾਈਆਂ ਅਤੇ ਦਹਿਸ਼ਤ ਫੈਲਾਉਣ ਦੇ ਮਾਮਲੇ ਹਨ।