NIA ਨੇ ਅੱਜ ਸਖ਼ਤ ਕਾਰਵਾਈ ਕਰਦਿਆਂ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਸੰਧੂ ਉਰਫ ‘ਲੰਡਾ’ ਦੀ ਗ੍ਰਿਫ਼ਤਾਰੀ ਲਈ ਵੱਡੀ ਐਲਾਨ ਕੀਤਾ ਹੈ। NIA ਨੇ ਲਖਬੀਰ ‘ਲੰਡਾ’ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ, ਜੋ ਕਿ ਇਕ ਅੱਤਵਾਦੀ ਮਾਮਲੇ ਦੇ ਸਿਲਸਿਲੇ ‘ਚ ਪੰਜਾਬ ‘ਚ ਲੋੜੀਂਦਾ ਹੈ।
ਦਸਣਯੋਗ ਹੈ ਕਿ ਲਖਬੀਰ ਸਿੰਘ ਸੰਧੂ ਉਰਫ ‘ਲੰਡਾ’ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਹੈ ਤੇ ਮੌਜੂਦਾ ਸਮੇਂ ਉਹ ਕੈਨੇਡਾ ‘ਚ ਲੁਕਿਆ ਹੋਇਆ ਹੈ। ਏਜੰਸੀ ਨੇ ਕਿਹਾ ਹੈ ਕਿ ਲਖਬੀਰ ਸਿੰਘ ਲੰਡਾ ਦਾ ਸੁਰਾਗ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਅੱਤਵਾਦੀ ਲੰਡਾ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 15 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਲਖਬੀਰ ਲੰਡਾ 2022 ਵਿੱਚ ਮੋਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ ‘ਤੇ ਗ੍ਰਨੇਡ ਹਮਲੇ ਨਾਲ ਸਬੰਧਤ ਇੱਕ ਕੇਸ ਵਿੱਚ ਐੱਨ.ਆਈ.ਏ ਨੂੰ ਲੋੜੀਂਦਾ ਹੈ। ਐੱਨ.ਆਈ.ਏ ਨੇ ਇਹ ਕੇਸ 2022 ਵਿੱਚ ਦਰਜ ਕੀਤਾ ਸੀ ਜਦੋਂ ਇਹ ਸਾਹਮਣੇ ਆਇਆ ਸੀ ਕਿ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀ ਸੰਗਠਨ ਅਤੇ ਅੱਤਵਾਦੀ ਤੱਤ, ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਸੰਚਾਲਿਤ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਆਗੂਆਂ ਅਤੇ ਮੈਂਬਰਾਂ ਨਾਲ ਮਿਲ ਕੇ ਕਤਲ ਅਤੇ ਹਿੰਸਕ ਅਪਰਾਧਿਕ ਕਾਰਵਾਈਆਂ ਕਰਨ ਲਈ ਕੰਮ ਕਰ ਰਹੇ ਸਨ।