ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ‘ਤੇ ਇੱਕ ਐਨਆਰਆਈ ਔਰਤ ਨੇ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਇਸ ਮਾਮਲੇ ‘ਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਚੁੱਪੀ ਤੋੜ ਦਿੱਤੀ ਹੈ। ਵਿਧਾਇਕਾ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਕੋਠੀ ਬਕਾਇਦਾ ਕਿਰਾਏ ’ਤੇ ਲਈ ਗਈ ਹੈ। ਉਹਨਾਂ ਦੱਸਿਆ ਕਿ ਸ਼ਹਿਰ ਜਗਰਾਉਂ ਦੇ ਹੀਰਾ ਬਾਗ ਵਿੱਚ ਮੈਂ ਇੱਕ ਕੋਠੀ ਥੋੜੀ ਦੇਰ ਪਹਿਲਾਂ ਹੀ ਕਿਰਾਏ ਉਪਰ ਲਈ ਹੈ ਅਤੇ ਕੁੱਝ ਸਿਆਸੀ ਵਿਰੋਧੀ ਮੇਰੇ ਉਪਰ ਕੋਠੀ ਦੱਬਣ ਦੇ ਝੂਠੇ ਦੋਸ਼ ਲਗਾਕੇ ਮੇਰੇ ਅਕਸ ਨੂੰ ਖਰਾਬ ਕਰਨ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਦੋ ਧਿਰਾਂ ਦੇ ਰੌਲੇ ‘ਚ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਉਹਨਾਂ ਆਖਿਆ ਕਿ ਮੈਂ ਆਪਣੇ ਪਰਿਵਾਰ ਸਮੇਤ 2016 ਤੋਂ ਜਗਰਾਉਂ ਵਿੱਚ ਪਹਿਲਾਂ ਲੁਧਿਆਣਾ ਜੀ.ਟੀ.ਰੋਡ ਉਪਰ ‘ਰਾਇਲ ਵਿਲ੍ਹਾ’ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਰਹੀ ਹਾਂ ਅਤੇ ਉਸ ਤੋਂ ਬਾਅਦ ਵਿੱਚ ਲੋਕਾਂ ਦੀ ਨੇੜੇ ਦੀ ਸਹੂਲਤ ਨੂੰ ਵੇਖਦੇ ਹੋਏ ਜਗਰਾਉਂ ਦੇ ਕੱਚਾ ਮਲਕ ਰੋਡ ਉਪਰ ਸਥਿਤ ਮੁਹੱਲਾ ਗੋਲਡਨ ਬਾਗ ਵਿੱਚ ਕਿਰਾਏ ਦੇ ਮਕਾਨ ਵਿੱਚ ਅਸੀਂ ਆਪਣੀ ਰਿਹਾਇਸ਼ ਕਰ ਲਈ ਸੀ, ਪਰ ਗੋਲਡਨ ਬਾਗ ਵਾਲੇ ਮਕਾਨ ਦੇ ਮਾਲਕਾਂ ਨੂੰ ਮਕਾਨ ਦੀ ਜ਼ਰੂਰਤ ਹੋਣ ਕਾਰਨ ਅਸੀਂ ਮੁਹੱਲਾ ਗੋਲਡਨ ਬਾਗ ਵਾਲਾ ਮਕਾਨ ਮਹੀਨਾਂ ਹੀ ਪਹਿਲਾਂ ਛੱਡ ਦਿੱਤਾ ਸੀ, ਜਿਸ ਵਿੱਚ ਅਸੀਂ ਲਗਭਗ ਸੱਤ ਸਾਲ ਕਿਰਾਏ ਉਪਰ ਰਹੇ ਹਾਂ। ਜੇਕਰ ਕਬਜ਼ਾ ਕਰਨਾਂ ਹੁੰਦਾ ਅਤੇ ਸਾਡੀ ਮਾੜੀ ਨੀਅਤ ਹੁੰਦੀ ਤਾਂ ਪਹਿਲਾਂ ਵਾਲੇ ਕਿਰਾਏ ਦੇ ਮਕਾਨਾਂ ਉਪਰ ਕਿਉਂ ਨਾ ਕੀਤਾ, ਜਦੋਂ ਕਿ ਪਹਿਲੇ ਦੋਵਾਂ ਮਕਾਨਾਂ ਦੇ ਮਾਲਕ ਵੀ ਐਨ.ਆਰ.ਆਈ. ਹੀ ਸਨ।
ਬੀਬੀ ਮਾਣੂੰਕੇ ਨੇ ਆਖਿਆ ਕਿ ਹੁਣ ਹੀਰਾ ਬਾਗ ਵਿੱਚ ਇੱਕ ਕੋਠੀ ਅਸੀਂ ਕਰਮ ਸਿੰਘ ਨਾਮ ਦੇ ਵਿਅਕਤੀ ਕੋਲੋਂ ਕਿਰਾਏ ਉਪਰ ਲਈ ਹੈ ਅਤੇ ਉਸ ਵਿੱਚ ਅਸੀਂ ਰਿਹਾਇਸ਼ ਲਿਆਂਦੀ ਨੂੰ ਕੇਵਲ ਇੱਕ ਮਹੀਨਾਂ ਹੀ ਹੋਇਆ ਹੈ ਅਤੇ ਅਮਰਜੀਤ ਕੌਰ ਨਾਮ ਦੀ ਇੱਕ ਔਰਤ ਨੇ ਵਿਰੋਧੀ ਸਿਆਸੀ ਆਗੂਆਂ ਦੀ ਸ਼ਹਿ ‘ਤੇ ਉਹਨਾਂ ਉਪਰ ਕੋਠੀ ਦੱਬਣ ਦੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਬੀਬੀ ਮਾਣੂੰਕੇ ਨੇ ਦੱਸਿਆ ਕਿ ਜਦੋਂ ਇਸ ਬਾਰੇ ਉਹਨਾਂ ਪਤਾ ਲੱਗਿਆ ਤਾਂ ਉਹਨਾਂ ਨੇ ਖੁਦ ਐਸ.ਐਸ.ਪੀ. ਜਗਰਾਉਂ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਉਹ ਜਿਸ ਕੋਠੀ ਵਿੱਚ ਹੁਣ ਕਿਰਾਏ ਉਪਰ ਰਹਿ ਰਹੇ ਹਨ, ਉਸ ਕੋਠੀ ਦੀ ਮਾਲਕੀ ਸ਼ੱਕ ਦੇ ਦਾਇਰੇ ਵਿੱਚ ਹੈ। ਇਸ ਲਈ ਦੋਵਾਂ ਧਿਰਾਂ ਦੀ ਮਾਲਕੀ ਦੀ ਜਾਂਚ-ਪੜਤਾਲ ਕੀਤੀ ਜਾਵੇ ਅਤੇ ਜਿਹੜਾ ਵੀ ਕੋਠੀ ਦਾ ਮਾਲਕ ਹੈ, ਉਹ ਉਸ ਨੂੰ ਕਿਰਾਇਆ ਦੇ ਦੇਣਗੇ ਅਤੇ ਕੋਠੀ ਦੀ ਚਾਬੀ ਵੀ ਸੌਂਪ ਦੇਣਗੇ। ਪਰ ਜਿਹੜਾ ਵੀ ਦੋਸ਼ੀ ਸਾਬਿਤ ਹੋਵੇਗਾ, ਉਸ ਵਿਰੁੱਧ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ। ਪਰ ਅਮਰਜੀਤ ਕੌਰ ਨਾਮ ਦੀ ਔਰਤ ਵੱਲੋਂ ਲਗਾਏ ਜਾ ਰਹੇ ਦੋਸ਼ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ।
ਬੀਬੀ ਮਾਣੂੰਕੇ ਨੇ ਆਖਿਆ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਵਿਧਾਇਕਾ ਮਾਣੂੰਕੇ ਨੇ ਸਿਆਸੀ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਅਕਾਲੀ-ਕਾਂਗਰਸੀਆਂ ਦੇ ਹੱਥਾਂ ਵਿੱਚੋਂ ਹੁਣ ਕੁਰਸੀ ਖਿਸਕ ਗਈ ਹੈ ਅਤੇ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਮੌਕਾ ਲੱਭਦੇ ਰਹਿੰਦੇ ਹਨ, ਪਰੰਤੂ ਉਹਨਾਂ ਦੇ ਮਨਸੂਬੇ ਹੁਣ ਕਿਸੇ ਵੀ ਕੀਮਤ ਉਪਰ ਕਾਮਯਾਬ ਨਹੀਂ ਹੋਣਗੇ, ਕਿਉਂਕਿ ਚੰਦ ਉਪਰ ਚਿੱਕੜ ਸੁੱਟਣ ਨਾਲ ਕਦੇ ਹਨੇਰਾ ਨਹੀਂ ਹੁੰਦਾ ਅਤੇ ਸੂਰਜ ‘ਤੇ ਥੁੱਕਣ ਨਾਲ, ਸੂਰਜ ਕਦੇ ਗੰਦਾ ਨਹੀਂ ਹੁੰਦਾ। ਸਗੋਂ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ।
ਦਸ ਦਈਏ ਕਿ ਕੈਨੇਡੀਅਨ ਔਰਤ ਅਮਰਜੀਤ ਕੌਰ ਨੇ ਵਿਧਾਇਕ ਮਾਣੂੰਕੇ ਖ਼ਿਲਾਫ਼ ਐਸਐਸਪੀ, ਮੰਤਰੀ ਕੁਲਦੀਪ ਧਾਲੀਵਾਲ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਸ਼ਿਕਾਇਤ ਭੇਜੀ ਹੈ। ਅਮਰਜੀਤ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਕਈ ਸਾਲਾਂ ਤੋਂ ਪੰਜਾਬ ਨਹੀਂ ਆਇਆ। ਇਸ ਦਾ ਫਾਇਦਾ ਉਠਾਉਂਦੇ ਹੋਏ ਵਿਧਾਇਕ ਮਾਣੂੰਕੇ ਨੇ ਹੀਰਾ ਬਾਗ ਦੀ ਗਲੀ ਨੰਬਰ 7 ਵਿੱਚ ਆਪਣੇ ਘਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਸ ਦੇ ਘਰ ਵਿੱਚ ਰੱਖਿਆ ਸਮਾਨ ਵੀ ਨਸ਼ਟ ਹੋ ਗਿਆ ਹੈ। ਜਦੋਂ ਉਨ੍ਹਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਵਿਧਾਇਕ ਮਾਣੂੰਕੇ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਤੁਸੀਂ ਮੇਰਾ ਨੁਕਸਾਨ ਨਹੀਂ ਕਰ ਸਕਦੇ, ਮੈਂ ਕਿਸੇ ਤੋਂ ਡਰਦਾ ਨਹੀਂ। ਸਰਕਾਰ ਸਾਡੀ ਤੇ ਪੁਲਿਸ ਸਾਡੀ।
ਉਥੇ ਹੀ ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਕੈਨੇਡਾ ਦੇ ਐਨਆਰਆਈ ਵੱਲੋਂ ਉਹਨਾਂ ਦੇ ਘਰ ’ਤੇ ਗੈਰ ਕਾਨੂੰਨੀ ਤੌਰ ’ਤੇ ਕਬਜ਼ਾ ਕਰਨ ਦੀ ਕੀਤੀ ਸ਼ਿਕਾਇਤ ’ਤੇ ਜਗਰਾਓਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਹਨਾਂ ਸਵਾਲ ਕੀਤਾ ਹੈ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹ ਸਪਸ਼ਟ ਕਰਨ ਕਿ ਇੱਕ ਕੈਨੇਡੀਅਨ ਪਰਵਾਸੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਜਿਸ ਮੁਤਾਬਿਕ ਉਸਦੇ ਘਰ ਉੱਤੇ ਜਗਰਾਉਂ ਦੀ “ਆਪ” ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਉਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ? ਇਸ ਕੇਸ ਵਿੱਚ ਕਾਰਵਾਈ ਕਰਨ ਵਿੱਚ ਕੀਤੀ ਗਈ ਦੇਰੀ ਸਮੁੱਚੇ NRI ਭਾਈਚਾਰੇ ‘ਚ ਪੰਜਾਬ ਪ੍ਰਤੀ ਗਲਤ ਪ੍ਰਭਾਵ ਪੈਦਾ ਕਰ ਸਕਦੀ ਹੈ।