ਵਿਜੀਲੈਂਸ ਤੋਂ ਬਾਅਦ ਹੁਣ ਈ.ਡੀ. ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਵਿਜੀਲੈਂਸ ਤੋਂ ਓਪੀ ਸੋਨੀ ਨਾਲ ਸਬੰਧਤ ਜਾਂਚ ਦਾ ਰਿਕਾਰਡ ਅਤੇ ਦਸਤਾਵੇਜ਼ ਮੰਗੇ ਹਨ। ਹਾਲਾਂਕਿ ਕੋਈ ਵੀ ਵਿਜੀਲੈਂਸ ਅਧਿਕਾਰੀ ਇਸ ‘ਤੇ ਸਿੱਧੇ ਤੌਰ ‘ਤੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਕੋਈ ਵੀ ਇਨਕਾਰ ਨਹੀਂ ਕਰ ਰਿਹਾ ਹੈ। ਈਡੀ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖਕੇ ਕਾਂਗਰਸੀ ਆਗੂ ਦੀ ਚੱਲ-ਅਚੱਲ ਜਾਇਦਾਦ ਦਾ ਸਮੁੱਚਾ ਵੇਰਵਾ, ਬੈਂਕ ਖਾਤਿਆਂ ਬਾਰੇ ਮੁਕੰਮਲ ਜਾਣਕਾਰੀ ਮੰਗੀ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ 9 ਜੁਲਾਈ ਨੂੰ ਓਪੀ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਉਹਨਾਂ ਨੂੰ ਪਹਿਲੀ ਵਾਰ 25 ਨਵੰਬਰ 2022 ਨੂੰ ਤਲਬ ਕੀਤਾ ਸੀ। ਕਰੀਬ 8 ਮਹੀਨੇ ਦੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ਵਿੱਚ ਐਫ.ਆਈ.ਆਰ. ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ ਸਾਬਕਾ ਡਿਪਟੀ ਸੀਐਮ ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4.52 ਕਰੋੜ ਰੁਪਏ ਸੀ, ਜਦੋਂ ਕਿ ਖਰਚਾ 12.48 ਕਰੋੜ ਰੁਪਏ ਸੀ। ਉਹਨਾਂ ਦਾ ਖਰਚਾ, ਆਮਦਨ ਦੇ ਅਣਪਛਾਤੇ ਸਰੋਤਾਂ ਤੋਂ 7.96 ਕਰੋੜ ਰੁਪਏ ਵੱਧ ਸੀ। ਇਸ ਦੌਰਾਨ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ ‘ਤੇ ਜਾਇਦਾਦਾਂ ਖਰੀਦੀਆਂ।
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਅਤੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2021 ਵਿੱਚ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਸੀ। ਓਪੀ ਸੋਨੀ 1997, 2002, 2007, 2012 ਅਤੇ 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੋਨੀ ਨੇ ਅੰਮ੍ਰਿਤਸਰ ਕੇਂਦਰੀ ਸੀਟ ਤੋਂ ਭਾਜਪਾ ਦੇ ਤਰੁਣ ਚੁੱਘ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਉਹ 1991 ਵਿੱਚ ਅੰਮ੍ਰਿਤਸਰ ਦੇ ਪਹਿਲੇ ਮੇਅਰ ਬਣੇ ਸਨ। ਉਹ ਦੋ ਸਾਲ ਪੰਜਾਬ ਕਾਂਗਰਸ ਪਬਲਿਕ ਕਮੇਟੀ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਕੌਂਸਲ ਆਫ ਮੇਅਰਜ਼ ਦੇ ਚੇਅਰਮੈਨ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਵਿਧਾਨ ਸਭਾ ਵਿੱਚ ਲੋਕ ਲੇਖਾ ਕਮੇਟੀ ਦੇ ਮੈਂਬਰ ਅਤੇ 2017-18 ਵਿੱਚ ਪੰਜਾਬ ਵਿਧਾਨ ਸਭਾ ਦੀ ਲੋਕਲ ਬਾਡੀਜ਼ ਅਤੇ ਪਬਲਿਕ ਅੰਡਰਟੇਕਿੰਗਜ਼ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।