16 ਮਾਰਚ 2022 ਨੂੰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਤੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਦੇ ਵਿਧਾਇਕਾਂ ਦੇ ਤੌਰ ‘ਤੇ ਸਹੁੰ ਚੁੱਕੀ ਸੀ। ਜਿਸ ਨੂੰ ਅੱਜ ਪੂਰਾ ਇਕ ਸਾਲ ਹੋ ਚੁੱਕਾ ਹੈ। ਸਰਕਾਰ ਬਣਨ ਦੇ ਇਕ ਸਾਲ ਪੂਰਾ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਥੇ ਪੰਜਾਬੀਆਂ ਨੂੰ ਵਧਾਈ ਦਿੱਤੀ ਉਥੇ ਹੀ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਅੱਜ ਤੋਂ ਇਕ ਸਾਲ ਪਹਿਲਾਂ ਪੰਜਾਬੀਆਂ ਵੱਲੋਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਈ ਤੀਜੀ ਪਾਰਟੀ ਅਜੇ ਤੱਕ ਨਹੀਂ ਆਈ ਸੀ, ਜਿਸ ਨੇ ਇੰਨੀ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੋਵੇ। ਅਸੀਂ ਇਕ ਸਾਲ ‘ਚ ਲੋਕਾਂ ਨਾਲ ਕੀਤੇ ਹੋਏ ਬਹੁਤ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਕ ਸਾਲ ‘ਚ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 12 ਤੋਂ 15 ਲੱਖ ਲੋਕ ਪੰਜਾਬ ‘ਚ ਖੁੱਲ੍ਹੇ ਮੁਹੱਲਾ ਕਲੀਨਿਕਾਂ ‘ਚ ਫ਼ਾਇਦਾ ਲੈ ਰਹੇ ਹਨ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ ਅਤੇ ਖੇਤੀ ਵਾਸਤੇ ਵੀ ਬਹੁਤ ਸਾਰੀਆਂ ਸਕੀਮਾਂ ਸਾਡੀ ਸਰਕਾਰ ਲੈ ਕੇ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪੂਰਾ ਪੰਜਾਬ ਤਰੱਕੀ ਕਰੇ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਲ ਪਹਿਲਾਂ ਜੋ ਸਾਡੇ ‘ਤੇ ਭਰੋਸਾ ਕੀਤਾ, ਅਸੀਂ ਇਕ ਸਾਲ ਬਾਅਦ ਇਸ ਭਰੋਸੇ ਨੂੰ ਹੋਰ ਗੂੜ੍ਹਾ ਕਰਾਂਗੇ। ਨਵੇਂ ਚੁਣੇ ਗਏ ਮੰਤਰੀ ਤੇ ਵਿਧਾਇਕ ਲੋਕਾਂ ਵਰਗੇ ਹੀ ਹਨ, ਇਹ ਲੋਕਾਂ ਨੂੰ ਜਲਦੀ ਹੀ ਯਕੀਨ ਹੋ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਵੀ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਅਸੀਂ ਬੁਲੰਦ ਕਰਾਂਗੇ ਅਤੇ ਲੋਕ ਇੰਝ ਹੀ ਸਾਡਾ ਸਾਥ ਦਿੰਦੇ ਰਹਿਣ।
ਇਸ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਮਾਨ ਸਰਕਾਰ ਦੇ ਪੰਜਾਬ ਵਿਚ ਇਕ ਸਾਲ ਪੂਰਾ ਹੋਣ ‘ਤੇ ਟਵੀਟ ਕੀਤਾ। ਉਹਨਾ ਕਿਹਾ, “ਇੱਕ ਸਾਲ ਪਹਿਲਾਂ ਅੱਜ ਦੇ ਦਿਨ ਪੰਜਾਬ ਦੇ ਲੋਕਾਂ ਦੀਆਂ ਨਵੀਆਂ ਉਮੀਦਾਂ ਨੇ ਸਹੁੰ ਚੁੱਕੀ ਸੀ। ‘ਆਪ’ ‘ਤੇ ਪੰਜਾਬ ਦੀ ਉਮੀਦ ਹੁਣ ਭਰੋਸਾ ਬਣ ਗਈ ਹੈ। ਇਸ ਇੱਕ ਸਾਲ ਵਿੱਚ ਜਨਤਾ ਨਾਲ ਕੀਤੇ ਕਈ ਵਾਅਦੇ ਪੂਰੇ ਕੀਤੇ ਗਏ, ਕੁਝ ਆਉਣ ਵਾਲੇ ਸਾਲਾਂ ਵਿੱਚ ਕੀਤੇ ਜਾਣਗੇ। ਇਨ੍ਹਾਂ 5 ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ। ਰੰਗਲਾ ਪੰਜਾਬ ਬਣਾਵਾਗੇ।