ਕੌਮੀ ਇਨਸਾਫ਼ ਮੋਰਚੇ ‘ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਪਈ ਜਦੋਂ ਇਕ ਹੋਰ ਬੰਦੀ ਸਿੰਘ ਨੂੰ ਸਰਕਾਰ ਵਲੋਂ ਪੈਰੋਲ ਦਿੱਤੀ ਗਈ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਬੰਦ ਬੰਦੀ ਸਿੰਘਾਂ ‘ਚੋਂ ਇਕ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ 28 ਦਿਨਾਂ ਦੀ ਪੈਰੋਲ ਮਿਲ ਗਈ ਹੈ। ਬੀਤੀ ਕੱਲ੍ਹ ਦੇਰ ਸ਼ਾਮ ਉਨ੍ਹਾਂ ਨੂੰ ਬੁੜੈਲ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਇਸ ਦਰਮਿਆਨ ਪਰਿਵਾਰ ਦੇ ਨਾਲ-ਨਾਲ ਕੌਮੀ ਇਨਸਾਫ਼ ਮੋਰਚੇ ਦੀਆਂ ਸੰਗਤਾਂ ਵੀ ਉਨ੍ਹਾਂ ਦੇ ਸਵਾਗਤ ਲਈ ਪਹੁੰਚੀਆਂ।
ਅੱਜ ਜੇਲ੍ਹ ‘ਚੋਂ ਰਿਹਾਅ ਹੋਣ ਤੋਂ ਬਾਅਦ ਗੁਰਮੀਤ ਸਿੰਘ ਇੰਜਨੀਅਰ ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ ਕਮੇਟੀ ਨਾਲ ਗੁਰਦੁਆਰਾ ਅੰਬ ਸਾਹਿਬ ਪਹੁੰਚੇ। ਐਡਵੋਕੇਟ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਉਨ੍ਹਾਂ ਨੂੰ ਜੇਲ੍ਹ ਦੇ ਬਾਹਰੋਂ ਲੈਣ ਪੁੱਜੇ। ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਦੇਰ ਸ਼ਾਮ ਹੋਈ ਅਤੇ ਉਹ 7 ਵਜੇ ਗੁਰੂ ਘਰ ਪੁੱਜੇ।
ਰਿਹਾਈ ਤੋਂ ਬਾਅਦ ਆਪਣੇ ਵਿਚਾਰ ਦਿੰਦਿਆਂ ਗੁਰਮੀਤ ਸਿੰਘ ਇੰਜਨੀਅਰ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਿਚ ਪੁੱਜੀਆਂ ਸੰਗਤਾਂ ਦੀਆਂ ਭਾਵਨਾਵਾਂ ਅੱਗੇ ਸਾਡਾ ਸਿਰ ਝੁਕਦਾ ਹੈ। ਜਦੋਂ ਸਾਨੂੰ ਜੇਲ੍ਹ ਵਿਚ ਸਪੀਕਰ ਦੀ ਆਵਾਜ਼ ਅਤੇ ਜੈਕਾਰੇ ਸੁਣਦੇ ਹਨ ਤਾਂ ਸਾਡਾ ਮਨ ਬਹੁਤ ਭਾਵੁਕ ਹੋ ਜਾਂਦਾ ਹੈ।
ਜ਼ਿਕਰ ਕਰ ਦਈਏ ਹੈ ਕਿ 2013 ਵਿਚ ਭਾਈ ਗੁਰਬਖ਼ਸ਼ ਸਿੰਘ ਵੱਲੋਂ ਜਦੋਂ ਮਰਨ ਵਰਤ ਰੱਖ ਕੇ ਮੋਰਚਾ ਲਗਾਇਆ ਗਿਆ ਸੀ ਉਦੋਂ ਗੁਰਮੀਤ ਸਿੰਘ ਇੰਜੀਨੀਅਰ ਨੂੰ ਪਹਿਲੀ ਵਾਰ ਪੈਰੋਲ ਮਿਲੀ ਸੀ। ਗੁਰਮੀਤ ਸਿੰਘ ਤੋਂ ਪਹਿਲਾਂ 6 ਫ਼ਰਵਰੀ ਨੂੰ ਅੰਮ੍ਰਿਤਸਰ ਜੇਲ੍ਹ ’ਚ ਬੰਦ ਇਕ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਵੀ 2 ਮਹੀਨੇ ਦੀ ਪੈਰੋਲ ਦਿੱਤੀ ਗਈ ਸੀ।