ਜਿਨਸੀ ਸੋਸ਼ਣ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਇਕ ਹੋਰ ਵਿਵਾਦ ਵਿਚ ਘਿਰਦੇ ਹੋਏ ਵਿਖਾਈ ਦੇ ਰਹੇ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਸਿਰਦਰਦੀ ਵੱਧ ਸਕਦੀ ਹੈ। ਦਰਅਸਲ, ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪਠਾਨਕੋਟ ਜ਼ਮੀਨ ਘੁਟਾਲੇ ਦਾ ਮੁੱਦਾ ਚੁੱਕ ਲਿਆ ਹੈ। ਜਿਸ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ ਅਤੇ ਇਕ ਸਰਕਾਰੀ ਅਧਿਕਾਰੀ ‘ਤੇ ਗੰਭੀਰ ਇਲਜ਼ਾਮ ਲੱਗੇ ਹੈ। ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਠਾਨਕੋਟ ਜ਼ਮੀਨ ਘੁਟਾਲੇ ਵਿੱਚ ‘ਆਪ’ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ।
ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮੰਤਰੀ ਕਟਾਰੂਚੱਕ ਨੇ ਕਥਿਤ ਤੌਰ ‘ਤੇ ਘੁਟਾਲੇ ਵਿਚ ਸ਼ਾਮਲ ਡੀਡੀਪੀਓ ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰਨ ਵਿਚ ਮਦਦ ਕੀਤੀ ਸੀ। ਬਾਜਵਾ ਨੇ ਦੋਸ਼ ਲਾਇਆ ਕਿ ਇਸ ਪੋਸਟਿੰਗ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਕਟਾਰੂਚੱਕ ਨੇ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇੱਕ ਡੈਮੀ-ਆਫੀਸ਼ੀਅਲ (ਡੀਓ) ਪੱਤਰ ਵੀ ਲਿਖਿਆ ਸੀ। ਬਾਜਵਾ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ‘ਚ ਮੰਤਰੀ ਧਾਲੀਵਾਲ ਅਤੇ ਕਟਾਰੂਚੱਕ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਟਾਰੂਚੱਕ ਦਾਗੀ ਡੀਡੀਪੀਓ ਨਾਲ ਮਿਲ ਕੇ ਕੰਮ ਕਰ ਰਿਹਾ ਸੀ।
ਬਾਜਵਾ ਨੇ ਕਿਹਾ ਕਿ ਕਟਾਰੂਚੱਕ ਨੇ ਆਪਣੇ ਖਿਲਾਫ ਜਿਨਸੀ ਸ਼ੋਸ਼ਣ ਮਾਮਲੇ ਦੀ ਪੰਜਾਬ ਪੁਲਿਸ ਦੀ SIT ਜਾਂਚ ਨੂੰ ਪ੍ਰਭਾਵਿਤ ਕੀਤਾ। ਸਿੱਟੇ ਵਜੋਂ, ਕੇਸ ਦਾ ਪੀੜਤ ਸ਼ਿਕਾਇਤਕਰਤਾ ਆਪਣੇ ਪਹਿਲੇ ਬਿਆਨਾਂ ਤੋਂ ਪਿੱਛੇ ਹਟ ਗਿਆ ਅਤੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਉਹਨਾਂ ਦੋਸ਼ ਲਾਇਆ ਕਿ ਐੱਸਆਈਟੀ ਨੇ ਪੀੜਤ ਅਤੇ ਉਸ ਦੇ ਪਰਿਵਾਰ ‘ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ। ਜਦੋਂ ਕਿ ਰਾਜਪਾਲ ਵੱਲੋਂ ਬਣਾਈ ਗਈ ਫੋਰੈਂਸਿਕ ਜਾਂਚ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ। ਬਾਜਵਾ ਨੇ ਕਿਹਾ ਕਿ ਹੁਣ ਦੂਜੀ ਵਾਰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਮੰਤਰੀ ਕਟਾਰੂਚੱਕ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕਟਾਰੁਚਕ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਨਾਲ ਹੀ ਕਿਹਾ ਕਿ ਜੇਕਰ ਸੂਬੇ ਦੀ ਕੋਈ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਉਹ ਭਰੋਸੇਮੰਦ ਨਹੀਂ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦੂ ਕਟਾਰੂਚੱਕ ਤੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ ਆਪਸ ਵਿਚ ਰਲ ਕੇ ਇਕ ਦਾਗੀ ਡੀ ਡੀ ਪੀ ਓ ਨੂੰ ਏ ਡੀ ਸੀ ਪਠਾਨਕੋਟ ਦਾ ਐਡੀਸ਼ਨ ਚਾਰਜ ਦਿੱਤਾ ਜਿਸਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਚੜ੍ਹਾ ਦਿੱਤੀ। ਉਹਨਾਂ ਕਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚਕਰਵਾਈ ਜਾਵੇ ਤਾਂ ਜੋ ਪੈਸੇ ਦੀ ਹੋਈ ਵੰਡ ਦਾ ਹਿਸਾਬ ਲਿਆ ਜਾ ਸਕੇ ਤੇ ਪਤਾ ਲਾਇਆ ਜਾ ਸਕੇ ਕਿ ਇਸ ਭ੍ਰਿਸ਼ਟ ਕਾਰਵਾਈ ਵਿਚ ਕੌਣ ਕੌਣ ਸ਼ਾਮਲ ਸੀ।ਉਹਨਾਂ ਕਿਹਾ ਕਿ ਦੋਵਾਂ ਮੰਤਰੀਆਂ ਵਿਚਾਲੇ ਗੰਢਤੁੱਪ ਹੈ ਤੇ ਇਹ ਹੀ ਕਰੋੜਾਂ ਰੁਪਏ ਦੀ ਹੇਰਾਫੇਰੀ ਦਾ ਲਾਪ ਲੈਣ ਵਾਲੇ ਹਨ ਜਿਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਇਸਦੇ ਅਧਿਕਾਰੀਆਂ ਦੇ ਸੰਸਥਾਗਤ ਭ੍ਰਿਸ਼ਟਾਚਾਰ ਦੀ ਇਸ ਤੋਂ ਵੱਡੀ ਕੋਈ ਉਦਾਹਰਣ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਇਕ ਮੰਤਰੀ (ਕਟਾਰੂਚੱਕ) ਡੀ ਡੀ ਪੀ ਪੀ ਓ ਕੁਲਦੀਪ ਸਿੰਘ ਨੂੰ ਏ ਡੀ ਸੀ ਦਾ ਚਾਰਜ ਦੇਣ ਦੀ ਸਿਫਾਰਸ਼ ਕਰਦਾ ਹੈ ਜਦੋਂ ਕਿ ਦੂਜਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਉਹਨਾਂ ਕਿਹਾਕਿ ਸੱਚਾਈ ਇਹ ਹੈ ਕਿ ਪਹਿਲਾਂ 21 ਫਰਵਰੀ ਨੂੰ ਕੁਲਦੀਪ ਸਿੰਘ ਨੂੰ ਬੀ ਡੀ ਪੀ ਓ ਤੋਂ ਡੀ ਡੀ ਪੀ ਓ ਵਜੋਂ ਪ੍ਰੋਮੋਟ ਕੀਤਾ ਗਿਆ ਤੇ ਫਿਰ 4 ਦਿਨਾ ਬਾਅਦ 27 ਫਰਵਰੀ ਨੂੰ ਏ ਡੀ ਸੀ ਦਾ ਚਾਰਜ ਦਿੱਤਾ ਗਿਆ ਜਦੋਂ ਉਸਦੀ ਸੇਵਾ ਮੁਕਤੀ ਤੇ ਸਿਰਫ ਚਾਰ ਦਿਨ ਰਹਿੰਦੇ ਸਨ ਤੇ ਇਹ ਪੰਚਾਇਤੀ ਜ਼ਮੀਨ ਹਥਿਆਉਣ ਦੀ ਸੋਚੀ ਸਮਝੀ ਸਾਜ਼ਿਸ਼ ਹੈ।