ਗਤਕਾ, ਸਿੱਖਾਂ ਦੇ ਧਾਰਮਿਕ ਸਮਾਗਮਾਂ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਪਹਿਲਾਂ ਇਹ ਸਿਰਫ਼ ਗੁਰਦੁਆਰਿਆਂ ਤੱਕ ਹੀ ਸੀਮੀਤ ਸੀ ਪਰ ਹੁਣ ਇਹ ਖੇਡ ਹੌਲੀ-ਹੌਲੀ ਕਰਕੇ ਕੌਮੀ ਖੇਡਾਂ ਦਾ ਹਿੱਸਾ ਵੀ ਬਣ ਗਈਆਂ ਹਨ। ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਡਾ ਮਾਣ ਦਿੱਤਾ ਗਿਆ ਹੈ। ਸਿੱਖ ਮਾਰਸ਼ਲ ਆਰਟ ਗਤਕਾ ਨੂੰ ਕੌਮੀ ਖੇਡਾਂ ਦਾ ਹਿੱਸਾ ਬਣਾ ਲਿਆ ਗਿਆ ਹੈ। ਇੰਡੀਅ ਓਲੰਪਿਕ ਐਸੋਸੀਏਸ਼ਨ ਨੇ 37ਵੀਂ ਨੈਸ਼ਨਲ ਖੇਡਾਂ ਵਿੱਚ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਵੀ ਸ਼ਾਮਲ ਕਰ ਲਿਆ ਹੈ। ਪੰਜਾਬ ਦੀ ਰਵਾਇਤੀ ਮਾਰਸ਼ਲ ਆਰਟ ਗਤਕਾ ਦੇਸ਼ ਪੱਧਰ ਉਤੇ ਖੇਡਿਆ ਜਾਵੇਗਾ ਕਿਉਂਕਿ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਅਕਤੂਬਰ ਵਿੱਚ ਗੋਆ ਵਿੱਚ ਹੋਣ ਵਾਲੀਆਂ 2023 ਦੀਆਂ ਰਾਸ਼ਟਰੀ ਖੇਡਾਂ ਵਿੱਚ ਇਸ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ।
ਇਸ ਸਾਲ ਕੌਮੀ ਖੇਡਾਂ ਦਾ ਹਿੱਸਾ ਹੋਣ ਦਾ ਮਤਲਬ ਹੈ ਕਿ ਅਗਲੀਆਂ ਖੇਡਾਂ ਵਿੱਚ ਇਸ ਨੂੰ ਮੁਕਾਬਲੇ ਵਾਲੀ ਖੇਡ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨਜੀਏਆਈ) ਦੇ ਮੁਖੀ ਹਰਜੀਤ ਸਿੰਘ ਗਰੇਵਾਲ ਨੇ ਇੱਕ ਬਿਆਨ ਵਿੱਚ ਕਿਹਾ: “ਅਸੀਂ ਲੰਬੇ ਸਮੇਂ ਤੋਂ ਇਸ ਖੇਡ ਨੂੰ ਆਈਓਏ ਵੱਲ਼ੋਂ ਮਾਨਤਾ ਦੇਣ ਦੀ ਅਪੀਲ ਕਰ ਰਹੇ ਸਾਂ।” ਇਹ ਫ਼ੈਸਲਾ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਲਿਆ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਖੇਲੋ ਇੰਡੀਆ ਵਿੱਚ ਵੀ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਕਲਾ ਨੂੰ ਸੁਰਜੀਤ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਗੱਤਕੇ ਦੀਆਂ ਵੱਖ-ਵੱਖ ਜੱਥੇਬੰਦੀਆਂ ਹੋਂਦ ਵਿੱਚ ਆਈਆਂ ਸਨ ਜੋ ਇਸ ਖੇਡ ਦੀ ਪ੍ਰਫੁੱਲਤਾ ਲਈ ਅਤੇ ਉੱਚ ਦਰਜੇ ਦੀ ਮਾਨਤਾ ਲਈ ਦਿਨ-ਰਾਤ ਸੰਘਰਸ਼ ਕਰ ਰਹੀਆਂ ਸਨ। ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਓਲੰਪਿਕ ਤਕ ਪਹੁੰਚਾਉਣ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਸਨ।
ਕਾਬਿਲੇਗੌਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਗੱਤਕਾ ਸਿੱਖਣਾ ਫ਼ੌਜੀਆਂ ਦੀ ਰੰਗਰੂਟੀ ਦਾ ਹਿੱਸਾ ਹੁੰਦਾ ਸੀ। ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ। ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਹੈ ਸ਼ਸਤਰ ਕਲਾ। ਇਨ੍ਹਾਂ ਸ਼ੈਲੀਆਂ ਵਿੱਚੋਂ ਹੀ ਇੱਕ ਸ਼ੈਲੀ ਹੈ ਗੱਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਪ੍ਰਚੱਲਿਤ ਹੈ।
ਪੰਜਾਬ ਭਾਸ਼ਾ ਦੇ ਸ਼ਬਦ ਗਤਕਾ ਦਾ ਅਰਥ ਲੱਕੜ ਦੀਆਂ ਸੋਟੀਆਂ ਹਨ। ਗਤਕੇ ਦਾ ਸ਼ੁਰੂਆਤੀ ਅਭਿਆਸ ਸੋਟੀਆਂ ਨਾਲ ਹੀ ਕੀਤਾ ਜਾਂਦਾ ਹੈ। ਗਤਕਾ ਸਿੱਖਾਂ ਦੇ ਧਾਰਮਿਕ ਸਮਾਗਮਾਂ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਪਹਿਲਾਂ ਪਹਿਲ ਇਸ ਦੀ ਸਿਖਲਾਈ ਗੁਰਦੁਆਰਿਆਂ ‘ਚ ਹੀ ਦਿੱਤੀ ਜਾਂਦੀ ਸੀ। ਹੁਣ ਇਹ ਮੁਕੰਮਲ ਵਿਰਾਸਤੀ ਖੇਡ ਵਜੋਂ ਵਿਕਸਿਤ ਹੋਣਾ ਸ਼ੁਰੂ ਹੋ ਗਿਆ ਹੈ। ਇਹ ਖੇਡ ਸਿੱਖਾਂ ਦੀ ਵਿਰਾਸਤ ਹੈ। ਗਤਕਾ ਇੱਕ ਜੌਹਰ ਹੈ, ਜਿਸ ਦੇ ਨਾਲ ਹੀ ਨਿਡਰਤਾ ਤੇ ਸੂਰਮਗਤੀ ਦਾ ਅਹਿਸਾਸ ਹੁੰਦਾ ਹੈ। ਗਤਕਾ ਮਨੁੱਖ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਤੇ ਗੁਰਮਤਿ ਅਨੁਸਾਰ ਜੀਵਨ ਜਿਉਣਾ ਸਿਖਾਉਂਦਾ ਹੈ।