ਵੱਡੀ ਖ਼ਬਰ ਇੰਡੀਅਨ ਕ੍ਰਿਕਟ ਟੀਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਹ ਦਿੱਲੀ ਤੋਂ ਰੁੜਕੀ ਜਾ ਰਹੇ ਸੀ। ਸਟਾਰ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਸ਼ੁੱਕਰਵਾਰ ਨੂੰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਅਤੇ ਇਸ ਹਾਦਸੇ ਵਿਚ ਕ੍ਰਿਕਟਰ ਰਿਸ਼ਭ ਪੰਤ ਨੂੰ ਕਈ ਗੰਭੀਰ ਸੱਟਾਂ ਲੱਗ ਗਈਆਂ ਹਨ ਜਿੰਨਾ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪੰਤ ਦੀ ਲੱਤ ਅਤੇ ਮੱਥੇ ‘ਤੇ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ।
ਇਥੇ ਦਸ ਦਈਏ ਕਿ ਜਦੋਂ ਰਿਸ਼ਭ ਦੀ ਕਾਰ ਰੇਲੰਿਗ ਨਾਲ ਟਕਰਾ ਗਈ ਤਾਂ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਰਿਸ਼ਭ ਕਾਰ ਤੋਂ ਬਾਹਰ ਨਿਕਲ ਗਏ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਪੰਤ ਨੂੰ ਹਸਪਤਾਲ ਲਿਜਾਇਆ ਗਿਆ। ਉਹਨਾਂ ਨੂੰ ਦਿੱਲੀ ਰੋਡ ‘ਤੇ ਸਕਸ਼ਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਰਿਸ਼ਭ ਪੰਤ ਦੇ ਹਾਦਸੇ ਤੋਂ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ, ”ਜੇ ਲੋੜ ਪਈ ਤਾਂ ਰਿਸ਼ਭ ਪੰਤ ਨੂੰ ਏਅਰਲਿਫਟ ਕੀਤਾ ਜਾਵੇਗਾ। ਲੋੜ ਅਨੁਸਾਰ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ। ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਰਿਸ਼ਭ ਟੀਮ ਇੰਡੀਆ ਦੇ ਨਾਲ ਬੰਗਲਾਦੇਸ਼ ਦੌਰੇ ‘ਤੇ ਗਏ ਸਨ ਪਰ ਸੱਟ ਕਾਰਨ ਉਹਨਾਂ ਨੂੰ ਬਰੇਕ ਦੇ ਦਿੱਤਾ ਗਿਆ ਸੀ। ਪੰਤ ਨੂੰ ਸ਼੍ਰੀਲੰਕਾ ਦੇ ਖਿਲਾਫ਼ ਟੀ-20 ਅਤੇ ਵਨਡੇ ਸੀਰੀਜ਼ ਤੋਂ ਵੀ ਬ੍ਰੇਕ ਦਿੱਤਾ ਗਿਆ ਹੈ।