ਵਿਰੋਧੀ ਧਿਰ ਦੇ ਨਵੇਂ ਮੋਰਚੇ ‘ਤੇ ਤੰਜ ਕਸਦਿਆਂ ਪੀਐਮ ਮੋਦੀ ਨੇ ਕਿਹਾ ਕਿ ਯੂ.ਪੀ.ਏ. ਦੇ ਕਾਲੇ ਕਾਰਨਾਮਿਆਂ ਨੂੰ ਲੁਕਾਉਣ ਲਈ ਨਵਾਂ ਫਰੰਟ I.N.D.I.A. ਬਣਾਇਆ ਗਿਆ ਹੈ। ਪਰ ਜਨਤਾ ਸਭ ਕੁਝ ਜਾਣਦੀ ਹੈ। UPA ਦੀਆਂ ਕਰਤੂਤਾਂ ਯਾਦ ਨਾ ਆਉਣ ਇਸ ਲਈ ਇਹਨਾਂ ਨੇ ਆਪਣਾ ਨਾਂ ਬਦਲ ਲਿਆ ਹੈ। ਅੱਜ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਦਿਸ਼ਾਹੀਣ ਪਾਰਟੀ ਬਣ ਚੁੱਕੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਕਰ ਵਿੱਚ ਇੱਕ ਰੈਲੀ ਵਿੱਚ ਕਿਹਾ, “ਕਾਂਗਰਸ ਅਤੇ ਉਸਦੇ ਸਹਿਯੋਗੀ ਦਲਾਂ ਨੇ ਇੱਕ ਨਵੀਂ ਚਾਲ ਚੱਲੀ ਹੈ, ਇਹ ਨਾਮ ਬਦਲਣ ਦੀ ਚਾਲ ਹੈ। ਪਹਿਲੇ ਸਮਿਆਂ ਵਿੱਚ ਇੱਕ ਪੀੜ੍ਹੀ ਜਾਂ ਕੰਪਨੀ ਬਦਨਾਮ ਹੋ ਜਾਂਦੀ ਸੀ, ਤਾਂ ਤੁਰੰਤ ਨਵਾਂ ਬੋਰਡ ਬਣਾਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਧੰਦਾ-ਪਾਣੀ ਚਲਾਉਣ ਦੀ ਕੋਸ਼ਿਸ਼ ਕਰਦੀ ਸੀ।” ਕਾਂਗਰਸ ਵੀ ਇਹੀ ਕੰਮ ਕਰ ਰਹੀ ਹੈ। ਯੂ.ਪੀ.ਏ. ਦੀਆਂ ਕਰਤੂਤਾਂ ਯਾਦ ਨਾ ਆਉਣ, ਇਸ ਲਈ ਇਸਨੂੰ ਬਦਲਕੇ I.N.D.I.A. ਰੱਖ ਲਿਆ ਗਿਆ।
ਪੀਐਮ ਮੋਦੀ ਨੇ ਕਿਹਾ ਕਿ ਇਹ ਨਾਮ ਇਸ ਲਈ ਬਦਲਿਆ ਗਿਆ ਹੈ ਤਾਂ ਜੋ ਗਰੀਬਾਂ ਨਾਲ ਕੀਤੀ ਗਈ ਧੋਖਾਧੜੀ ਨੂੰ ਲੁਕਾਇਆ ਜਾ ਸਕੇ। ਉਨ੍ਹਾਂ ਦਾ ਤਰੀਕਾ ਉਹੀ ਹੈ, ਜੋ ਹਮੇਸ਼ਾ ਦੇਸ਼ ਦੇ ਦੁਸ਼ਮਣਾਂ ਨੇ ਅਪਣਾਇਆ ਹੈ। ਪਿਛਲੇ ਸਮੇਂ ਵਿੱਚ ਵੀ ਭਾਰਤ ਦੇ ਨਾਂ ਪਿੱਛੇ ਆਪਣੇ ਗੁਨਾਹਾਂ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ ਹੈ। ਈਸਟ ਇੰਡੀਆ ਕੰਪਨੀ ਵਿਚ ਵੀ ਭਾਰਤ ਦਾ ਨਾਂ ਸੀ। ਪਰ ਭਾਰਤ ਨਾਂ ਦੀ ਵਰਤੋਂ ਭਾਰਤ ਪ੍ਰਤੀ ਸ਼ਰਧਾ ਦਿਖਾਉਣ ਲਈ ਨਹੀਂ, ਸਗੋਂ ਭਾਰਤ ਨੂੰ ਲੁੱਟਣ ਲਈ ਕੀਤੀ ਗਈ। ਕਾਂਗਰਸ ਦੇ ਸਮੇਂ ਹੀ ਸਿਮੀ ਬਣਿਆ ਸੀ, ਜਿਸ ਦੇ ਨਾਂ ‘ਚ ਭਾਰਤ ਵੀ ਸੀ। ਜਦੋਂ ਇਸ ਦੀਆਂ ਕਰਤੂਤਾਂ ਸਾਹਮਣੇ ਆਈਆਂ ਤਾਂ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਫਿਰ ਇਹ ਨਵਾਂ ਨਾਮ ਲੈਕੇ ਆਏ PFI. ਨਾਮ ਨਵਾਂ, ਪਰ ਕੰਮ ਉਹੀ ਪੁਰਾਣਾ।
ਪੀਐਮ ਮੋਦੀ ਨੇ ਕਿਹਾ ਕਿ ਉਹ ਭਾਰਤ ਦੇ ਲੇਬਲ ਨਾਲ ਆਪਣੇ ਪਿਛਲੇ ਕਾਰਨਾਮੇ ਲੁਕਾਉਣਾ ਚਾਹੁੰਦੇ ਹਨ। ਜੇ ਉਹ ਸੱਚਮੁੱਚ ਇੰਡੀਆ ਦੀ ਚਿੰਤਾ ਹੁੰਦੀ ਤਾਂ ਵਿਦੇਸ਼ ਜਾ ਕੇ ਬਦਨਾਮੀ ਨਾ ਕਰਦੇ। ਜੇਕਰ ਉਨ੍ਹਾਂ ਨੂੰ ਇੰਡੀਆ ਦੀ ਚਿੰਤਾ ਹੁੰਦੀ ਤਾਂ ਕੀ ਉਹ ਸਰਜੀਕਲ ਸਟ੍ਰਾਈਕ ‘ਤੇ ਸਵਾਲ ਉਠਾਉਂਦੇ? ਇਹ ਉਹੀ ਚਿਹਰੇ ਹਨ ਜਿਨ੍ਹਾਂ ਨੇ ਸਾਡੇ ਫੌਜੀਆਂ ਦੇ ਹੱਕਾਂ ਦਾ ਘਾਣ ਕੀਤਾ। ਸਾਡੇ ਫੌਜੀ ‘ਵਨ ਰੈਂਕ ਵਨ ਪੈਨਸ਼ਨ’ ਦੀ ਮੰਗ ਕਰਦੇ ਰਹੇ, ਪਰ ਉਨ੍ਹਾਂ ਨੇ ਨਹੀਂ ਦਿੱਤੀ। ਜੋ ਲੋਕ ਟੁਕੜੇ-ਟੁਕੜੇ ਗੈਂਗ ਦਾ ਸਾਥ ਦਿੰਦੇ ਸੀ, ਉਹ ਅੱਜ ਇੰਡੀਆ ਦੇ ਨਾਂ ‘ਤੇ ਆਪਣੀਆਂ ਕਰਤੂਤਾਂ ਨੂੰ ਲੁਕਾ ਰਹੇ ਹਨ। ਇਹ ਲੋਕ ਹੰਕਾਰ ਨਾਲ ਭਰੇ ਹੋਏ ਹਨ। ਇਸ ਤੋਂ ਪਹਿਲਾਂ ਇੱਕ ਵਾਰ ਉਨ੍ਹਾਂ ਨੇ ਨਾਅਰਾ ਦਿੱਤਾ ਸੀ- ‘ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ ਹੈ’। ਇਹ ਲੋਕ ਸੁਧਰਨ ਨੂੰ ਤਿਆਰ ਨਹੀਂ ਹਨ। ਇਹ ਲੋਕ ਕਹਿ ਰਹੇ ਹਨ ਕਿ ‘ਯੂ.ਪੀ.ਏ. ਇਜ਼ ਇੰਡੀਆ ਐਂਡ ਇੰਡੀਆ ਇਜ਼ ਯੂ.ਪੀ.ਏ.।