ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਦੇ ਅਨੁਸ਼ਾਸਨੀ ਪੈਨਲ ਨੇ ਰਾਸ਼ਟਰਮੰਡਲ ਖੇਡਾਂ ਦੀ ਦੋ ਵਾਰ ਦੀ ਜੇਤੂ ਰਹੀ ਭਾਰਤੀ ਵੇਟਲਿਫਟਰ ਸੰਜੀਤਾ ਚਾਨੂ ‘ਤੇ ਪਿਛਲੇ ਸਾਲ ਡੋਪਿੰਗ ਟੈਸਟ ‘ਚ ਅਸਫਲ ਰਹਿਣ ‘ਤੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਏਜੰਸੀ ਦੁਆਰਾ ਚਾਰ ਸਾਲ ਦੀ ਲਗਾਈ ਪਾਬੰਦੀ ਦੀ ਖਬਰ ਨੇ ਖੇਡ ਜਗਤ ਵਿੱਚ ਹੜਕੰਪ ਮਚਾ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਦੀ ਚੈਂਪੀਅਨ ਹੋਣ ਦੇ ਨਾਤੇ, ਸੰਜੀਤਾ ਵੇਟਲਿਫਟਿੰਗ ਦੇ ਖੇਤਰ ਵਿੱਚ ਇੱਕ ਉੱਭਰਦੀ ਸਿਤਾਰਾ ਸੀ।
29 ਸਾਲਾਂ ਸੰਜੀਤਾ ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਗੁਜਰਾਤ ਵਿੱਚ ਕੌਮੀ ਖੇਡਾਂ ਦੌਰਾਨ ਟੈਸਟ ਵਿੱਚ ਐਨਾਬੌਲਿਕ ਸਟੀਰੌਇਡ-ਡਰੋਸਟੈਨੋਲੋਨ ਮੈਟਬੋਲਾਈਟ ਲਈ ਪਾਜ਼ੇਟਿਵ ਪਾਈ ਗਈ ਸੀ, ਜਿਹੜੀ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੈ। ਖੇਡਾਂ ਦੌਰਾਨ 30 ਸਤੰਬਰ 2022 ਨੂੰ ਡੋਪ ਟੈਸਟ ਲਈ ਉਸ ਦਾ ਨਮੂਨਾ ਲਿਆ ਗਿਆ ਹੈ। ਚੇਤੰਨਿਆ ਮਹਾਜਨ ਦੀ ਅਗਵਾਈ ਵਾਲੇ ਨਾਡਾ ਪੈਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਇਹ ਮੰਨਿਆ ਜਾਂਦਾ ਹੈ ਕਿ ਖਿਡਾਰੀ ਨੇ ਨਾਡਾ ਏਡੀਆਰ, 2021 ਦੇ ਆਰਟੀਕਲ 2.1 ਤੇ 2.2 ਦੀ ਉਲੰਘਣਾ ਕੀਤੀ ਹੈ, ਇਸ ਕਰਕੇ ਉਸ ’ਤੇ ਨਾਡਾ ਏਡੀਆਰ, 2021 ਦੇ ਆਰਟੀਕਲ 10.2.1 ਦੇ ਮੁਤਾਬਕ ਚਾਰ ਸਾਲਾਂ ਲਈ ਪਾਬੰਦੀ ਲਾਈ ਜਾਂਦੀ ਹੈ।’’
ਹੁਕਮਾਂ ਮੁਤਾਬਕ ਸੰਜੀਤਾ ਚਾਨੂ ’ਤੇ ਪਾਬੰਦੀ 12 ਨਵੰਬਰ ਤੋਂ 2022 ਤੋਂ ਲਾਗੂ ਮੰਨੀ ਜਾਵੇਗੀ ਜਦੋਂ ਉਸ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ। ਸੰਜੀਤਾ ਲਈ ਇਹ ਇੱਕ ਵੱਡਾ ਝਟਕਾ ਹੈ। ਚਾਨੂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜੋ ਉਸ ਤੋਂ ਵਾਪਸ ਲੈ ਲਿਆ ਗਿਆ ਹੈ।