ਕਈ ਸਾਲ ਪਹਿਲਾਂ ਅਟਲਾਂਟਿਕ ਮਹਾਸਾਗਰ ਵਿੱਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਗਈ ਟਾਈਟੈਨਿਕ ਟੂਰਿਸਟ ਪਣਡੁੱਬੀ ਦੇ ਲਾਪਤਾ ਹੋਣ ਦੀ ਖ਼ਬਰ ਹੈ ਜਿਸ ਵਿੱਚ ਪੰਜ ਲੋਕ ਸਵਾਰ ਸਨ। ਜਦੋਂ ਪਣਡੁੱਬੀ ਪਾਣੀ ਦੇ ਹੇਠਾਂ ਚਲੀ ਗਈ, ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਦਾ ਸੰਪਰਕ ਟੁੱਟ ਗਿਆ। ਖੋਜ ਟੀਮ ਪਣਡੁੱਬੀ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਸਰਚ ਆਪਰੇਸ਼ਨ ‘ਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਪਣਡੁੱਬੀ ‘ਚ ਆਕਸੀਜਨ ਘੱਟ ਹੋ ਰਹੀ ਹੈ, ਜਿਸ ਕਾਰਨ ਇਸ ‘ਚ ਸਵਾਰ ਲੋਕਾਂ ਦੀ ਜਾਨ ਖਤਰੇ ‘ਚ ਹੈ।
‘ਦਿ ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲਿਜਾ ਰਹੀ ਪਣਡੁੱਬੀ ਐਤਵਾਰ ਤੋਂ ਲਾਪਤਾ ਹੈ। ਸਮੁੰਦਰ ਵਿੱਚ ਗੋਤਾਖੋਰੀ ਕਰਨ ਤੋਂ ਇੱਕ ਘੰਟਾ 45 ਮਿੰਟ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਅਤੇ ਉਦੋਂ ਤੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ। Oceangate Expeditions ਕੰਪਨੀ ਦੁਆਰਾ ਸੰਚਾਲਿਤ ਇਹ ਪਣਡੁੱਬੀ ਉਨ੍ਹਾਂ ਸੈਲਾਨੀਆਂ ਨੂੰ ਪਾਣੀ ਦੇ ਅੰਦਰ ਯਾਤਰਾ ਦੀ ਪੇਸ਼ਕਸ਼ ਕਰਦੀ ਹੈ ਜੋ ਇਸਦੇ ਲਈ ਮੋਟੀ ਰਕਮ ਅਦਾ ਕਰਨ ਲਈ ਤਿਆਰ ਹਨ।
ਇਸ ਦੇ ਨਾਲ ਹੀ ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪਣਡੁੱਬੀ ਨੂੰ ਲੱਭਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿੱਚ ਸਰਕਾਰੀ ਏਜੰਸੀਆਂ, ਅਮਰੀਕਾ ਅਤੇ ਕੈਨੇਡਾ ਦੀ ਸੰਯੁਕਤ ਨੇਵੀ ਫੋਰਸ ਅਤੇ ਵਪਾਰਕ ਤੌਰ ‘ਤੇ ਸਮੁੰਦਰ ਦੀ ਗਹਿਰਾਈ ‘ਚ ਜਾਣ ਵਾਲੀਆਂ ਕੰਪਨੀਆਂ ਇਸ ਸਰਚ ਆਪਰੇਸ਼ਨ ਵਿੱਚ ਮਿਲ ਕੇ ਕੰਮ ਕਰ ਰਹੀਆਂ ਹਨ। ਦਸ ਦਈਏ ਕਿ ਇਸ ਲਾਪਤਾ ਪਣਡੁੱਬੀ ਵਿੱਚ ਬ੍ਰਿਟੇਨ ਦੇ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ ਅਤੇ ਪਾਕਿਸਤਾਨੀ ਕਾਰੋਬਾਰੀ ਪ੍ਰਿੰਸ ਦਾਊਦ ਅਤੇ ਉਨ੍ਹਾਂ ਦਾ ਪੁੱਤਰ ਸੁਲੇਮਾਨ ਵੀ ਉਨ੍ਹਾਂ ਪੰਜ ਲੋਕਾਂ ਵਿੱਚ ਸ਼ਾਮਲ ਹਨ ਜੋ ਉਸ ਪਣਡੁੱਬੀ ਵਿੱਚ ਬੈਠ ਕੇ ਟਾਈਟੈਨਿਕ ਦਾ ਮਲਬਾ ਦੇਖਣ ਗਏ ਸਨ।
ਜ਼ਿਕਰਯੋਗ ਹੈ ਕਿ ਸਾਲ 1912 ‘ਚ ਬ੍ਰਿਟੇਨ ਤੋਂ ਅਮਰੀਕਾ ਜਾ ਰਿਹਾ ਟਾਈਟੈਨਿਕ ਇਕ ਆਈਸਬਰਗ ਨਾਲ ਟਕਰਾ ਕੇ ਅਟਲਾਂਟਿਕ ਮਹਾਸਾਗਰ ‘ਚ ਡੁੱਬ ਗਿਆ ਸੀ। ਜਿਸ ‘ਤੇ 2200 ਲੋਕ ਸਵਾਰ ਸਨ। ਜਿਨ੍ਹਾਂ ਵਿਚੋਂ 1500 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 1985 ਵਿੱਚ ਟਾਈਟੈਨਿਕ ਜਹਾਜ਼ ਦੇ ਮਲਬੇ ਦੀ ਖੋਜ ਕੀਤੀ ਗਈ ਸੀ।