ਓਡੀਸ਼ਾ ਦੇ ਬਾਲਾਸੋਰ ਵਿੱਚ 2 ਜੂਨ ਨੂੰ ਹੋਏ ਰੇਲ ਹਾਦਸੇ ਵਿੱਚ ਵੱਡੀ ਕਾਰਵਾਈ ਕਰਏ ਹੋਏ CBI ਨੇ ਸ਼ੁੱਕਰਵਾਰ 3 ਰੇਲਵੇ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਨੂੰ ਆਈਪੀਸੀ ਦੀ ਧਾਰਾ 304 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਜਾਂਚ ਏਜੰਸੀ ਇਸ ਰੇਲ ਹਾਦਸੇ ਵਿੱਚ ਅਪਰਾਧਿਕ ਸਾਜ਼ਿਸ਼ ਦੀ ਸੰਭਾਵਨਾ ਦੀ ਜਾਂਚ ਕਰ ਰਹੀ ਸੀ। ਗ੍ਰਿਫਤਾਰ ਕੀਤੇ ਗਏ ਤਿੰਨ ਰੇਲਵੇ ਕਰਮਚਾਰੀਆਂ ਦੇ ਨਾਂ ਸੀਨੀਅਰ ਸੈਕਸ਼ਨ ਇੰਜੀਨੀਅਰ ਅਰੁਣ ਕੁਮਾਰ ਮਹੰਤੋ, ਸੀਨੀਅਰ ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਹਨ। ਦੱਸ ਦੇਈਏ ਕਿ ਧਾਰਾ 304 ਦੇ ਤਹਿਤ ਸਜ਼ਾ ਵਿੱਚ ਉਮਰ ਕੈਦ ਅਤੇ ਜੁਰਮਾਨਾ ਜਾਂ ਸਖ਼ਤ ਕੈਦ ਸ਼ਾਮਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਦੀ ਲਾਪਰਵਾਹੀ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਹੈ।
ਦਸ ਦਈਏ ਕਿ ਕੋਰੋਮੰਡਲ ਐਕਸਪ੍ਰੈਸ 2 ਜੂਨ ਨੂੰ ਬਾਲਾਸੌਰ ਦੇ ਬਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ਨੇੜੇ ਸ਼ਾਮ ਕਰੀਬ 7 ਵਜੇ ਸਟੇਸ਼ਨ ‘ਤੇ ਖੜ੍ਹੀ ਇਕ ਮਾਲ ਗੱਡੀ ਨਾਲ ਟਕਰਾ ਗਈ ਸੀ। ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵੀ ਇਸ ਦੀ ਲਪੇਟ ‘ਚ ਆ ਗਈ। ਇਸ ਰੇਲ ਹਾਦਸੇ ਵਿੱਚ 292 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਕਾਬਿਲੇਗੌਰ ਹੈ ਕਿ, ਬਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਲਗਭਗ 170 ਟਰੇਨਾਂ ਗੁਜ਼ਰਦੀਆਂ ਹਨ। ਹਾਦਸੇ ਤੋਂ ਬਾਅਦ ਸੀਬੀਆਈ ਨੇ ਲੌਗ ਬੁੱਕ, ਰਿਲੇਅ ਪੈਨਲ ਅਤੇ ਉਪਕਰਨ ਜ਼ਬਤ ਕਰਕੇ ਸਟੇਸ਼ਨ ਨੂੰ ਸੀਲ ਕਰ ਦਿੱਤਾ। ਫਿਲਹਾਲ ਬਹਾਨਗਾ ਬਾਜ਼ਾਰ ਸਟੇਸ਼ਨ ‘ਤੇ ਕੋਈ ਟਰੇਨ ਨਹੀਂ ਰੁਕਦੀ।
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਕਰ ਰਹੇ ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐਸ) ਨੇ ਪਿਛਲੇ ਹਫ਼ਤੇ ਸਿਗਨਲ ਵਿਭਾਗ ਦੇ ਸਟਾਫ ਦੀ ਮਨੁੱਖੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਨੇ ਤੋੜ-ਫੋੜ, ਤਕਨੀਕੀ ਖਰਾਬੀ ਜਾਂ ਮਸ਼ੀਨ ਦੀ ਖਰਾਬੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਸੀਆਰਐਸ ਨੇ ਕਥਿਤ ਤੌਰ ‘ਤੇ ਕੁਝ ਜ਼ਮੀਨੀ ਅਧਿਕਾਰੀਆਂ ਦੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਸੀ, ਜਿਨ੍ਹਾਂ ਨੇ ਤਿੰਨ ਸਾਲ ਪਹਿਲਾਂ ਸੁਰੱਖਿਆ ਚਿੰਤਾਵਾਂ ਦੇ ਕਾਰਨ ਡਿਜ਼ਾਈਨ ਨੂੰ ਬਦਲਣ ਤੋਂ ਬਾਅਦ ਨਿਰੀਖਣ ਦੀਆਂ ਲੋੜੀਂਦੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਸੀ।
3 ਜੂਨ ਨੂੰ, ਓਡੀਸ਼ਾ ਤੀਹਰੀ ਰੇਲ ਹਾਦਸੇ ਦੇ ਸਬੰਧ ਵਿੱਚ ਬਾਲਾਸੋਰ ਵਿੱਚ ਜੀਆਰਪੀਐਸ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਰੇਲ ਮੰਤਰੀ ਨੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਕੇਂਦਰ ਸਰਕਾਰ ਦੀ ਸਹਿਮਤੀ ਤੋਂ ਬਾਅਦ ਸੀਬੀਆਈ ਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ।
ਓਡੀਸ਼ਾ ਰੇਲ ਹਾਦਸੇ ‘ਚ ਜਾਨ ਗਵਾਉਣ ਵਾਲੇ 42 ਲੋਕਾਂ ਦੀਆਂ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਿਸ ਕਾਰਨ 42 ਮ੍ਰਿਤਕਾਂ ਦੀਆਂ ਲਾਸ਼ਾਂ ਅਜੇ ਵੀ ਭੁਵਨੇਸ਼ਵਰ ਦੇ ਹਸਪਤਾਲ ‘ਚ ਪਈਆਂ ਹਨ। ਇਨ੍ਹਾਂ ਲਾਸ਼ਾਂ ਦੇ ਡੀਐਨਏ ਟੈਸਟ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਇਸ ਦੇ ਨਾਲ ਹੀ ਡੀਐਨਏ ਰਿਪੋਰਟ ਜਲਦੀ ਆਉਣ ਦੀ ਉਮੀਦ ਹੈ।
ਕੁਝ ਮ੍ਰਿਤਕਾਂ ਦੇ ਸਬੰਧ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਲਾਸ਼ ਲੈਣ ਲਈ ਨਹੀਂ ਆਇਆ। ਜਦਕਿ ਹਾਦਸੇ ਤੋਂ ਬਾਅਦ 81 ਮ੍ਰਿਤਕ ਯਾਤਰੀਆਂ ਦਾ ਡੀਐਨਏ ਟੈਸਟ ਕੀਤੇ ਗਏ ਸੀ। ਇਸ ਵਿੱਚ 39 ਮ੍ਰਿਤਕਾਂ ਦੇ ਡੀਐਨਏ ਨਮੂਨੇ ਮੈਚ ਹੋਣ ਤੋਂ ਬਾਅਦ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਸੀ।