ਓਡੀਸਾ ਦੇ ਬਾਲਾਸੋਰ ਜ਼ਿਲ੍ਹੇ ‘ਚ ਸ਼ੁੱਕਰਵਾਰ ਸ਼ਾਮ ਹਾਵੜਾ ਤੋਂ ਚੈਨਈ ਜਾ ਰਹੀ ਕੋਰੋਮੰਡਲ ਐਕਸਪ੍ਰੈੱਸ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ। ਮਿਲੀ ਜਾਣਕਾਰੀ ਮੁਤਾਬਕ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਯਾਤਰੀਆਂ ਨਾਲ ਭਰੀ ਟ੍ਰੇਨ ਪੱਟੜੀ ਤੋਂ ਉਤਰ ਗਈ ਜਿਸ ਕਾਰਨ ਤਕਰੀਬਨ 233 ਲੋਕਾਂ ਦੀ ਮੌਤ ਹੋ ਗਈ ਹੈ ਅਤੇ 933 ਯਾਤਰੀ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਘਟਨਾ ਸਥਾਨ ‘ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਪਹੁੰਚੇ। ਜਾਇਜ਼ਾ ਲੈਂਦੇ ਹੋਏ ਉਹਨਾਂ ਕਿਹਾ ਕਿ ਹੁਣ ਮੁੱਖ ਰੂਪ ਨਾਲ ਰਾਹਤ ਅਤੇ ਬਚਾਅ ਮੁਹਿੰਮ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੱਖਣੀ-ਪੂਰਬੀ ਸਰਕਲ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਓਡੀਸ਼ਾ ‘ਚ ਹੋਏ ਰੇਲ ਹਾਦਸੇ ਦੀ ਜਾਂਚ ਕਰਨਗੇ। ਵੈਸ਼ਨਵ ਨੇ ਕਿਹਾ ਕਿ ਇਹ ਹਾਦਸਾ ਕਿਸ ਵਜ੍ਹਾ ਨਾਲ ਹੋਇਆ, ਇਸ ਦਾ ਪਤਾ ਰੇਲਵੇ ਸੁਰੱਖਿਆ ਕਮਿਸ਼ਨਰ ਦੀ ਰਿਪੋਰਟ ਜਮ੍ਹਾਂ ਕਰਨ ਮਗਰੋਂ ਹੀ ਲੱਗ ਸਕੇਗਾ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਚਾਅ ਕਾਮਿਆਂ ਨੇ ਹਾਦਸੇ ਮਗਰੋਂ ਰੇਲ ਗੱਡੀਆਂ ਵਿਚਾਲੇ ਫਸੇ ਜਿਊਂਦੇ ਬਚੇ ਲੋਕਾਂ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਲਈ ਪੂਰੀ ਰਾਤ ਕੰਮ ਕੀਤਾ।
ਅਧਿਕਾਰੀ ਮੁਤਾਬਕ ਪਟੜੀ ਤੋਂ ਉਤਰੇ ਇਹ ਡੱਬੇ 12841 ਸ਼ਾਲੀਮਾਰ-ਚੇਨਈ-ਕੋਰੋਮੰਡਲ ਐਕਸਪ੍ਰੈੱਸ ਨਾਲ ਟਕਰਾ ਗਏ ਅਤੇ ਇਸ ਦੇ ਡੱਬੇ ਵੀ ਪਲਟ ਗਏ। ਉਨ੍ਹਾਂ ਦੱਸਿਆ ਕਿ ਚੇਨਈ ਜਾ ਰਹੀ ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਪਟੜੀ ਤੋਂ ਉਤਰਨ ਮਗਰੋਂ ਇਕ ਮਾਲ ਗੱਡੀ ਨਾਲ ਟਕਰਾ ਗਏ, ਜਿਸ ਨਾਲ ਮਾਲ ਗੱਡੀ ਵੀ ਹਾਦਸੇ ਦੀ ਲਪੇਟ ਵਿਚ ਆ ਗਈ। ਉਥੇ ਹੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਕ ਦਿਨ ਲਈ ਸੋਗ ਦਾ ਐਲਾਨ ਕੀਤਾ ਹੈ। 3 ਜੂਨ ਨੂੰ ਪੂਰੇ ਦਿਨ ਵਿੱਚ ਕੋਈ ਵੀ ਰਾਜ ਸਮਾਰੋਹ ਨਹੀਂ ਹੋਵੇਗਾ। ਇਸਦੇ ਨਾਲ ਹੀ ਇਹ ਵੀ ਦਸ ਦਈਏ ਕਿ ਮੁੰਬਈ-ਗੋਆ ਵੰਦੇ ਭਾਰਤ ਟਰੇਨ ਦਾ ਅੱਜ ਜੋ ਉਦਘਾਟਨ ਹੋਣਾ ਸੀ ਉਹ ਵੀ ਨਹੀਂ ਹੋਵੇਗਾ। ਓਡੀਸ਼ਾ ਹਾਦਸੇ ਤੋਂ ਬਾਅਦ PM ਮੋਦੀ ਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਹੈ।