ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਦੇ ਸਿੰਧ ਵਿਚ ਹਿੰਦੂ ਵਿਧਵਾ ਔਰਤ ਦਾ ਕਤਲ ਕਰ ਦਿੱਤਾ। 40 ਸਾਲਾ ਹਿੰਦੂ ਵਿਧਵਾ ਔਰਤ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਉਸ ਦੀ ਚਮੜੀ ਵੀ ਛਿੱਲ ਦਿੱਤੀ ਗਈ ਸੀ। ਔਰਤ ਦੀ ਪਛਾਣ ਹਿੰਦੂ ਘੱਟ ਗਿਣਤੀ ਭਾਈਚਾਰੇ ਦੀ ਦਯਾ ਭੀਲ ਵਜੋਂ ਹੋਈ ਹੈ। ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਯੂਐਨਓ ਵਿਚ ਚੁੱਕਿਆ ਜਾਵੇ।
ਵੀਡੀਓ ਜਾਰੀ ਕਰਦਿਆਂ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਪਾਕਿਸਤਾਨ ’ਚ ਘੱਟ ਗਿਣਤੀਆਂ ਦਾ ਕੀ ਹਾਲ ਹੈ ਇਹ ਸਾਰੀ ਦੁਨੀਆਂ ਨੂੰ ਪਤਾ ਹੈ। ਰੋਜ਼ ਹਿੰਦੂ-ਸਿੱਖ ਲੜਕੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਉਹਨਾਂ ਦਾ ਜਬਰਨ ਨਿਕਾਹ ਕੀਤਾ ਜਾਂਦਾ ਹੈ ਅਤੇ ਧਰਮ ਬਦਲਿਆ ਜਾਂਦਾ ਹੈ ਪਰ ਹੁਣ ਤਾਂ ਹੱਦ ਹੋ ਗਈ ਜਦੋਂ 41 ਸਾਲਾਂ ਹਿੰਦੂ-ਦਲਿਤ ਔਰਤ ਨਾਲ ਪਹਿਲਾਂ ਬਲਾਤਕਾਰ ਕੀਤਾ ਜਾਂਦਾ ਹੈ, 3 ਦਿਨਾਂ ਤੱਕ ੳਸਨੂੰ ਰੱਖਿਆ ਜਾਂਦਾ ਹੈ ਅਤੇ ਫੇਰ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਵੀਡੀਓ ‘ਚ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਪੀੜਤਾ ਦੇ ਕਾਤਲਾਂ ਖਿਲਾਫ਼ ਪੁਲਿਸ ਵਲੋਂ 72 ਘੰਟਿਆਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੋਰ ਤਾਂ ਹੋਰ ਹਾਲੇ ਤੱਕ ਪੁਲਿਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ ਹੈ। ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਭੀਲ ਭਾਈਚਾਰੇ ਦੇ ਹੁਣ ਤੱਕ ਇਸੇ ਸਾਲ ਲਗਭਗ 300 ਬੱਚੀਆਂ ਅਗਵਾ ਹੋ ਚੁੱਕੀਆਂ ਹਨ। ਪਾਕਿਸਤਾਨ ’ਤੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਵਿਚ ਮਿਲੀ ਹੋਈ ਹੈ, ਜਿਸ ਕਾਰਨ ਰੋਜ਼ ਹਿੰਦੂ ਤੇ ਸਿੱਖ ਲੜਕੀਆਂ ਹੈਵਾਨੀਅਤ ਦਾ ਸ਼ਿਕਾਰ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਚ ਲਗਾਤਾਰ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਦੀਆਂ ਖਬਰਾਂ ਨੇ ਪਾਕਿਸਤਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਅਨੇਕਾਂ ਸਵਾਲ ਖੜੇ ਕੀਤੇ ਨੇ, ਕੀ ਆਖਰਕਾਰ ਉਥੇ ਘੱਟ ਗਿਣਤੀਆਂ ਨੂੰ ਆਪਣਾ ਸ਼ਿਕਾਰ ਕਿਉਂ ਬਣਾਇਆ ਜਾ ਰਿਹਾ।