ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਪੀੜਤ ਕੇਸ਼ਵ ਕੁਮਾਰ ਵਲੋਂ ਮੰਤਰੀ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਫੈਸਲੇ ਤੋਂ ਬਾਅਦ ਸਿਆਸਤ ਭੱਖ ਚੁੱਕੀ ਹੈ। ਵਿਰੋਧੀ ਪਾਰਟੀਆਂ ਵਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਰਕਾਰ ਦੇ ਦਬਾਅ ਵਿਚ ਆਕੇ ਪੀੜਤ ਨੇ ਮੰਤਰੀ ਖਿਲਾਫ਼ ਕੋਈ ਕਾਰਵਾਈ ਨਾ ਕਰਵਾਉਣ ਦਾ ਇਹ ਫੈਸਲਾ ਲਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਨੇ ਕਟਾਰਚੂੱਕ ਮਾਮਲੇ ‘ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਨੇ ਚਿੱਠੀ ਵਿਚ ਰਾਜਪਾਲ ਨੂੰ ਇਹ ਵੀ ਲਿਖਿਆ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਕੇਸ ਦਰਜ ਕਰਨ ਦੀ ਹਦਾਇਤ ਦਿੱਤੀ ਹੈ।
ਇੰਨਾਂ ਹੀ ਨਹੀਂ ਇਸ ਮੁੱਦੇ ਨੂੰ ਚੁੱਕਣ ਵਾਲੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਮਾਮਲੇ ਉੱਤੇ ਜਮ ਕੇ ਭੜਾਸ ਕੱਢੀ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕਿਹਾ, “ਭਗਵੰਤ ਮਾਨ ਦੁਆਰਾ ਸਥਾਪਿਤ ਕੀਤੀ ਗਈ SIT ਦੇ ਤਰਕ ਤੋਂ ਮੈਂ ਹੈਰਾਨ ਹਾਂ, ਕਿਉਂਕਿ ਕੇਸ਼ਵ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ, ਦਾਗੀ ਮੰਤਰੀ ਕਟਾਰੂਚਕ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ! ਸਭ ਤੋਂ ਪਹਿਲਾਂ, ਰਾਜਪਾਲ ਦੁਆਰਾ ਤਸਦੀਕ ਕੀਤੇ ਕਟਾਰੂਚੱਕ ਦੀਆਂ ਜਿਨਸੀ ਵੀਡੀਓ ਕਲਿੱਪਾਂ ਬਾਰੇ ਕੀ? ਕੀ ਸ਼ਿਕਾਇਤ ਵਾਪਸ ਲੈਣ ਨਾਲ ਅਪਰਾਧ ਦਾ ਦੋਸ਼ੀ ਮੁਕਤ ਹੋ ਜਾਂਦਾ ਹੈ? SIT ਨੇ ਪਿਛਲੇ 60 ਦਿਨਾਂ ਤੋਂ ਕਟਾਰੂਚੱਕ ਦੀ ਵੀਡੀਓਜ਼ ਬਾਰੇ ਕੀ ਕੀਤਾ? ਦੂਸਰਾ ਘਟੀਆ ਬਚਾਅ ਕੀਤਾ ਕਿ ਕਟਾਰੂਚੱਕ ਖੁਦ ਐਸਸੀ ਹੈ, ਉਸ ਵਿਰੁੱਧ ਕੋਈ ਜੁਰਮ ਨਹੀਂ ਹੈ! ਮਤਲਬ ਇੱਕ SC ਨੂੰ ਦੂਜੇ SC ਨਾਲ ਬਲਾਤਕਾਰ ਕਰਨ ਦੀ ਇਜਾਜ਼ਤ ਹੈ? ਐਸਆਈਟੀ ਨੂੰ ਦੱਸ ਦਈਏ ਕਿ ਸਮਲਿੰਗੀ ਸਬੰਧ ਜਾਂ ਵਿਆਹ ਕਾਨੂੰਨ ਮੁਤਾਬਕ ਅਪਰਾਧ ਹੈ ਭਾਵੇਂ ਇਹ ਸਹਿਮਤੀ ਨਾਲ ਕਿਉਂ ਨਾ ਹੋਵੇ। ਸਚਮੁੱਚ ਐਸਆਈਟੀ ਮੰਤਰੀ ਨੂੰ ਬਚਾਉਣ ਲਈ ਬਣਾਈ ਗਈ ਸੀ ਉਸ ਵਿਰੁੱਧ ਕਾਰਵਾਈ ਲਈ ਨਹੀਂ! ਬੇਇਨਸਾਫ਼ੀ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ। ਮੁਬਾਰਕਾਂ ਬਦਲਾਅ”
ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਤੇ ਪੀੜਤ ਨੇ ਆਪਣੀ ਲਿਖਤੀ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ। ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਾਈ ਅਤੇ ਪੀੜਤ ਨੇ ਲਿਖਤੀ ਰੂਪ ਵਿਚ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ। ਹੁਣ ਵੇਖਣਾ ਹੋਵੇਗਾ ਕਿ ਰਾਜਪਾਲ ਨੂੰ ਬਿਕਰਮ ਸਿੰਘ ਮਜੀਠੀਆ ਵਲੋਂ ਲਿਖੀ ਚਿੱਠੀ ਤੋਂ ਬਾਅਦ ਕੀ ਮੁੜ ਮੰਤਰੀ ਕਟਾਰੂਚੱਕ ਖਿਲਾਫ਼ ਜਾਂਚ ਸ਼ੁਰੂ ਹੋ ਸਕਦੀ ਹੈ।