ਪੰਜਾਬ ਅਤੇ ਹੋਰਨਾਂ ਸੂਬਿਆਂ ‘ਚ ਕਿਸਮਤ ਅਜ਼ਮਾਉਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਕਰਨਾਕਟ ਵਿਚ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਦਸ ਦਈਏ ਕਿ ਕਰਨਾਕਟ ਵਿਚ ਵਿਧਾਨ ਸਭਾ ਚੋਣਾ 10 ਮਈ ਨੂੰ ਹੋਣਗੀਆਂ ਜਿਸ ਲਈ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਇਸੇ ਦਰਮਿਆਨ ਕਰਨਾਟਕ ਦੇ 2 ਦਿਨਾਂ ਦੌਰੇ ’ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਥੇ ਪਾਰਟੀ ਦੇ ਨੇਤਾਵਾਂ ਨਾਲ ਜਨਤਕ ਮੀਟਿੰਗਾਂ, ਰੋਡ ਸ਼ੋਅ ਅਤੇ ਸਮੀਖਿਆ ਮੀਟਿੰਗਾਂ ਕੀਤੀਆਂ। ਉਥੇ ਹੀ ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ‘ਤੇ ਵੀ ਤੰਜ ਕਸਿਆ ਹੈ।
ਇਸ ਮੌਕੇ ਸੰਬੋਧਨ ਕਰਦਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇ ਕਰਨਾਟਕ ’ਚ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸੂਬਾ ਵੰਸ਼ਵਾਦ ਦੀ ਰਾਜਨੀਤੀ ਦੇ ਸਿਖਰ ’ਤੇ ਹੋਵੇਗਾ ਅਤੇ ਇਹ ਦੰਗਿਆਂ ਦਾ ਸ਼ਿਕਾਰ ਹੋ ਜਾਵੇਗਾ। ਕਾਂਗਰਸ ਦੀ ਸਰਕਾਰ ਬਣਨ ’ਤੇ ਸੂਬੇ ’ਚ ਹੁਣ ਤੱਕ ਹੋਇਆ ਵਿਕਾਸ ‘ਰਿਵਰਸ ਗੀਅਰ’ ’ਚ ਚਲਾ ਜਾਵੇਗਾ।
ਕਰਨਾਟਕ ਦੇ ਲੋਕਾਂ ਨੂੰ ਸਿਆਸੀ ਸਥਿਰਤਾ ਲਈ ਵੋਟ ਪਾਉਣ ਦੀ ਅਪੀਲ ਕਰਦਿਆਂ ਸ਼ਾਹ ਨੇ ਜ਼ਿਲ੍ਹੇ ਦੇ ਤਰਦਾਲ ਵਿਖੇ ਮੰਗਲਵਾਰ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇੱਥੇ ‘ਨਵਾਂ ਕਰਨਾਟਕ’ ਬਣਾ ਸਕਦੀ ਹੈ। ਪਾਰਟੀ ਦੇ ਮੁੱਖ ਚੋਣ ਰਣਨੀਤੀਕਾਰ ਅਤੇ ਪ੍ਰਚਾਰਕਾਂ ‘ਚੋਂ ਇਕ ਸ਼ਾਹ ਨੇ ਕਿਹਾ ਕਿ ਜੇ ਕਾਂਗਰਸ ਗਲਤੀ ਨਾਲ ਸੱਤਾ ’ਚ ਆ ਗਈ ਤਾਂ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੋਵੇਗਾ।