ਗੋਆ ਟੂਰਿਜ਼ਮ ਵਿਭਾਗ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਨੋਟਿਸ ਭੇਜਿਆ ਹੈ। ਯੁਵਰਾਜ ਸਿੰਘ ਨੂੰ ਇਹ ਨੋਟਿਸ ਮੋਰਜਿਮ ‘ਚ ਆਪਣਾ ਵਿਲਾ ਬਿਨਾਂ ਇਜਾਜ਼ਤ ਅਤੇ ਰਜਿਸਟ੍ਰੇਸ਼ਨ ਦੇ ਕਿਰਾਏ ‘ਤੇ ਦੇਣ ਲਈ ਮਿਲਿਆ ਹੈ। ਉਨ੍ਹਾਂ ਨੂੰ ਇਸ ਮਾਮਲੇ ਦੀ ਸੁਣਵਾਈ ਲਈ 8 ਦਸੰਬਰ ਨੂੰ ਬੁਲਾਇਆ ਗਿਆ ਹੈ। ਦਰਅਸਲ, ਗੋਆ ਟੂਰਿਜ਼ਮ ਬਿਜ਼ਨਸ ਐਕਟ 1982 ਦੇ ਤਹਿਤ, ਰਾਜ ਵਿੱਚ ਰਜਿਸਟ੍ਰੇਸ਼ਨ ਤੋਂ ਬਿਨਾਂ ਵਿਲਾ ਨੂੰ ‘ਹੋਮਸਟੇ’ ਵਜੋਂ ਨਹੀਂ ਵਰਤਿਆ ਜਾ ਸਕਦਾ। ਰਿਪੋਰਟਾਂ ਮੁਤਾਬਿਕ ਗੋਆ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਸ਼ ਕਾਲੇ ਨੇ 18 ਨਵੰਬਰ ਨੂੰ ਕ੍ਰਿਕਟਰ ਯੁਵਰਾਜ ਸਿੰਘ ਦੇ ਮੋਰਜਿਮ ਸਥਿਤ ਵਿਲਾ ‘ਕਾਸਾ ਸਿੰਘ’ ਦੇ ਪਤੇ ‘ਤੇ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਯੁਵਰਾਜ ਸਿੰਘ ਨੂੰ 8 ਦਸੰਬਰ ਨੂੰ ਸਵੇਰੇ 11 ਵਜੇ ਨਿੱਜੀ ਪੇਸ਼ੀ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ।
ਨੋਟਿਸ ‘ਚ ਯੁਵਰਾਜ ਸਿੰਘ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਸੈਰ-ਸਪਾਟਾ ਵਪਾਰ ਐਕਟ ਦੇ ਤਹਿਤ ਵਿਲਾ ਨੂੰ ਰਜਿਸਟਰਡ ਨਾ ਕਰਨ ‘ਤੇ ਉਨ੍ਹਾਂ ‘ਤੇ ਸਜ਼ਾਯੋਗ ਕਾਰਵਾਈ ਕਿਉਂ ਨਾ ਕੀਤੀ ਜਾਵੇ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਧਿਆਨ ‘ਚ ਆਇਆ ਹੈ ਕਿ ਮੋਰਜਿਮ ਸਥਿਤ ਰਿਹਾਇਸ਼ੀ ਕੰਪਲੈਕਸ ਨੂੰ ਕਥਿਤ ਤੌਰ ‘ਤੇ ਹੋਮਸਟੇ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਆਨਲਾਈਨ ਬੁਕਿੰਗ ਲਈ ਵੀ ਉਪਲਬਧ ਹੈ। ਨੋਟਿਸ ਵਿੱਚ ਯੁਵਰਾਜ ਦੇ ਇੱਕ ਟਵੀਟ ਦਾ ਵੀ ਜ਼ਿਕਰ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਗੋਆ ਵਿੱਚ ਉਨ੍ਹਾਂ ਦਾ ਵਿਲਾ ਬੁਕਿੰਗ ਲਈ ਉਪਲਬਧ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਜੇਕਰ 8 ਦਸੰਬਰ ਤੱਕ ਜਵਾਬ ਨਹੀਂ ਆਉਂਦਾ ਤਾਂ ਮੰਨਿਆ ਜਾਵੇਗਾ ਕਿ ਨੋਟਿਸ ‘ਚ ਲੱਗੇ ਦੋਸ਼ ਸਹੀ ਹਨ ਅਤੇ ਧਾਰਾ 22 ਤਹਿਤ ਐਕਟ ਦੀ ਉਲੰਘਣਾ ਕਰਨ ‘ਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।