‘ਭਾਰਤ ਜੋੜੋ ਯਾਤਰਾ’ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਵਾਰ-ਵਾਰ ਸੰਨ੍ਹ ਲੱਗ ਰਹੀ ਹੈ। ਹੁਸ਼ਿਆਰਪੂਰ ਤੋਂ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਭਾਰੀ ਸੁਰੱਖਿਆ ਬਲ ਤਾਇਨਾਤ ਹੋਣ ਦੇ ਬਾਵਜੂਦ ਇੱਕ ਵਿਅਕਤੀ ਯਾਤਰਾ ਦੌਰਾਨ ਅਚਾਨਕ ਦੌੜ ਕੇ ਰਾਹੁਲ ਗਾਂਧੀ ਕੋਲ ਪਹੁੰਚਦਾ ਹੈ ਅਤੇ ਉਸਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਵੀ ਇਸ ਨੌਜਵਾਨ ਨੂੰ ਰੋਕ ਨਹੀਂ ਸਕੇ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁਰੱਖਿਆ ਘੇਰਾ ਤੋੜਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਚੌਕਸ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀਆਂ ਤਸੀਵਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੀਲੀ ਜੈਕਟ ਵਿੱਚ ਇੱਕ ਵਿਅਕਤੀ ਰਾਹੁਲ ਗਾਂਧੀ ਵੱਲ ਆਉਂਦਾ ਹੈ ਅਤੇ ਉਸਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਕਾਂਗਰਸੀ ਵਰਕਰਾਂ ਵੱਲੋਂ ਉਸ ਨੂੰ ਧੱਕਾ ਦੇ ਦਿੱਤਾ ਜਾਂਦਾ ਹੈ ਅਤੇ ਸਾਈਡ ਕਰ ਦਿੱਤਾ ਹੈ। ਹਾਲਾਂਕਿ ਬਾਅਦ ਵਿੱਚ ਪਤਾ ਲੱਗਾ ਕਿ ਉਹ ਯੂਥ ਕਾਂਗਰਸ ਦਾ ਵਰਕਰ ਸੀ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕਾਂਗਰਸ ਵੱਲੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ‘ਤੇ ਦੋਸ਼ ਲਗਾਇਆ ਗਿਆ ਸੀ ਕਿ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਵੱਡੀਆਂ ਕਮੀਆਂ ਹਨ। ਦੱਸ ਦਈਏ ਕਿ ਸੀਆਰਪੀਐਫ ਨੂੰ ਰਾਹੁਲ ਗਾਂਧੀ ਦੀ ਜ਼ੈੱਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਦੀ ਅੰਦਰੂਨੀ ਘੇਰਾਬੰਦੀ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਸ਼ੁਰੂ ਹੋਈ ਅਤੇ ਇਸ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰੀਸ਼ ਚੌਧਰੀ ਅਤੇ ਰਾਜ ਕੁਮਾਰ ਚੱਬੇਵਾਲ ਸਣੇ ਪਾਰਟੀ ਦੇ ਕਈ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੌਜੂਦ ਸਨ।