ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਹੈ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਟਿੱਪਣੀ ਤੋਂ ਬਾਅਦ ਮਾਨਹਾਨੀ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਮਿਲੀ ਸੀ ਜਿਸ ਤੋਂ ਬਾਅਦ ਮਈ ਵਿੱਚ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਆਯੋਗ ਕਰਾਰ ਦਿੱਤੀ ਗਈ ਸੀ। 2019 ਦੀਆਂ ਆਮ ਚੋਣਾਂ ਤੋਂ ਪਹਿਲਾਂ, ਕਰਨਾਟਕ ਦੇ ਕੋਲਾਰ ਵਿੱਚ ਇੱਕ ਰੈਲੀ ਵਿੱਚ, ਗਾਂਧੀ ਨੇ ਪੀਐਮ ਮੋਦੀ ‘ਤੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਾਂਝਾ ਉਪਨਾਮ ਮੋਦੀ ਕਿਵੇਂ ਹੈ?
ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਠਹਿਰਾਏ ਜਾਣ ‘ਤੇ ਰੋਕ ਲਗਾਉਂਦੇ ਹੋਏ ਕਿਹਾ ਸੀ ਕਿ ਟਰਾਇਲ ਜੱਜ ਵੱਲੋਂ ਵੱਧ ਤੋਂ ਵੱਧ ਸਜ਼ਾ ਸੁਣਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਅੰਤਿਮ ਫੈਸਲਾ ਆਉਣ ਤੱਕ ਦੋਸ਼ੀ ਠਹਿਰਾਉਣ ਦੇ ਹੁਕਮ ‘ਤੇ ਰੋਕ ਲਗਾਉਣ ਦੀ ਲੋੜ ਹੈ। ਜੱਜਾਂ ਨੇ ਕਿਹਾ ਸੀ ਕਿ ਆਯੋਗਤਾ ਦਾ ਪ੍ਰਭਾਵ ਨਾ ਸਿਰਫ਼ ਵਿਅਕਤੀ ਦੇ ਅਧਿਕਾਰਾਂ ਨੂੰ ਸਗੋਂ ਵੋਟਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੁਆਫ਼ੀ ਮੰਗਣ ਤੋਂ ਲਗਾਤਾਰ ਇਨਕਾਰ ਕਰਨ ਵਾਲੇ ਰਾਹੁਲ ਗਾਂਧੀ ਨੇ ਰਾਹਤ ਤੋਂ ਬਾਅਦ ਟਵੀਟ ਕੀਤਾ ਕਿ ਕੁਝ ਵੀ ਹੋ ਜਾਵੇ, ਮੇਰੀ ਫ਼ਰਜ਼ ਉਹੀ ਰਹੇਗਾ, ਭਾਰਤ ਦੇ ਵਿਚਾਰਾਂ ਦੀ ਰੱਖਿਆ ਕਰਨਾ।