ਕਿਸਾਨੀ ਅੰਦੋਲਨ ਦੌਰਾਨ ਭਾਰਤ ਦੀ ਮੋਦੀ ਸਰਕਾਰ ਵਲੋਂ ਵਰਤੇ ਹੱਥਕੰਡੇ ਹੁਣ ਹੌਲੀ-ਹੌਲੀ ਉਜਾਗਰ ਹੋ ਰਹੇ ਹਨ। ਇਸ ਦੌਰਾਨ ਹੁਣ ਟਵਿਟਰ ਦੇ ਸਾਬਕਾ ਸੀ.ਈ.ਓ ਜੈਕ ਡੋਰਸੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਕੇਂਦਰ ਸਰਕਾਰ ਮੁੜ ਵਿਵਾਦਾਂ ‘ਚ ਘਿਰ ਗਈ ਹੈ।
ਦਰਅਸਲ, ਇਕ ਇੰਟਰਵਿਊ ਦੌਰਾਨ ਸਾਬਕਾ ਸੀ.ਈ.ਓ ਡੋਰਸੀ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਨੂੰ ਭਾਰਤ ਵਿਚ ਬੰਦ ਕਰਨ ਲਈ ਦਬਾਅ ਪਾਇਆ ਸੀ। ਉਹਨਾਂ ਭਾਰਤ ਸਰਕਾਰ ‘ਤੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਕਈ ਖਾਤਿਆਂ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ ਅਤੇ ਨਾ ਮੰਨਣ ‘ਤੇ ਭਾਰਤ ਵਿੱਚ ਟਵਿਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ‘ਸਰਕਾਰ ਵੱਲੋਂ ਉਨ੍ਹਾਂ ਦੇ ਮੁਲਾਜ਼ਮਾਂ ਦੇ ਘਰਾਂ ‘ਤੇ ਛਾਪੇ ਮਾਰਨ ਦੀ ਗੱਲ ਚੱਲ ਰਹੀ ਸੀ।
ਹੁਣ ਇਸ ਮਾਮਲੇ ‘ਚ ਕੇਂਦਰੀ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਝੂਠ ਦੱਸਿਆ ਹੈ। ਚੰਦਰਸ਼ੇਖਰ ਨੇ ਲਿਖਿਆ, ‘ਇਹ ਟਵਿੱਟਰ ਦੇ ਇਤਿਹਾਸ ਦੇ ਕਾਲੇ ਦੌਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਹੈ, ਜਦੋਂ ਡੋਰਸੀ ਦੇ ਕਾਰਜਕਾਲ ਦੌਰਾਨ ਟਵਿੱਟਰ ਲਗਾਤਾਰ ਭਾਰਤੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਸੀ। ਸਾਲ 2020 ਤੋਂ 2022 ਤੱਕ, ਟਵਿੱਟਰ ਨੇ ਭਾਰਤੀ ਕਾਨੂੰਨਾਂ ਅਨੁਸਾਰ ਕੰਮ ਨਹੀਂ ਕੀਤਾ ਅਤੇ ਜੂਨ 2022 ਤੋਂ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੂੰ ਵੀ ਜੇਲ੍ਹ ਨਹੀਂ ਹੋਈ ਅਤੇ ਟਵਿੱਟਰ ਬੰਦ ਨਹੀਂ ਕੀਤਾ ਗਿਆ। ਟਵਿੱਟਰ ਨੂੰ ਡੋਰਸੀ ਦੇ ਕਾਰਜਕਾਲ ਦੌਰਾਨ ਭਾਰਤ ਦੀ ਪ੍ਰਭੂਸੱਤਾ ਅਤੇ ਭਾਰਤੀ ਕਾਨੂੰਨਾਂ ਨੂੰ ਸਵੀਕਾਰ ਕਰਨ ਨਾਲ ਸਮੱਸਿਆ ਸੀ।