ਚੰਡੀਗੜ੍ਹ : ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਬਿਆਨ ਨੂੰ ਵੀ ਮੰਦਭਾਗਾ ਦੱਸਿਆ, ਜਿਸ ‘ਚ ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਲਾਏ ਜਾਣ ਵਾਲੇ ਧਰਨਿਆਂ ਨੂੰ ਗਲਤ ਦੱਸਿਆ ਸੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਧਰਨਿਆਂ ‘ਚੋਂ ਹੀ ਉੱਠ ਕੇ ਆਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਧਰਨੇ ਲਾਉਣ ਨੂੰ ਲੈ ਕੇ ਜੋ ਮਾੜੀਆਂ-ਚੰਗੀਆਂ ਗੱਲਾਂ ਕਹੀਆਂ ਹਨ, ਉਹ ਉਨ੍ਹਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗਰਮੀ, ਸਰਦੀ ਅਤੇ ਮੀਂਹ ‘ਚ ਧਰਨੇ ਲਾਉਣ ਦਾ ਕੋਈ ਸ਼ੌਂਕ ਨਹੀਂ ਹੈ ਅਤੇ ਨਾ ਹੀ ਕਿਸੇ ਕੋਲ ਇੰਨਾ ਸਮਾਂ ਹੈ, ਫਿਰ ਮੁੱਖ ਮੰਤਰੀ ਨੇ ਇਹ ਜੋ ਗੱਲ ਕਹੀ ਹੈ, ਇਸ ਦਾ ਕਾਰਨ ਕੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਅਪ੍ਰੈਲ ‘ਚ ਬਣੀ ਸੀ ਪਰ ਅੱਜ ਤੱਕ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੇ ਦੇ ਹਮਲੇ ਮਗਰੋਂ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਵੀ ਸਿਰਫ 50 ਫ਼ੀਸਦੀ ਹੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ-ਖ਼ਿਲਾਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਐੱਮ. ਐੱਸ. ਪੀ. ਨੂੰ ਲਿਖ਼ਤੀ ਤੌਰ ‘ਤੇ ਲੀਗਲ ਕੀਤਾ ਜਾਣਾ ਚਾਹੀਦਾ ਹੈ।