ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਵਿਚ ਰਿਕਾਰਡ ਹੋਈ ਇਕ ਵੀਡੀਓ ਐਤਵਾਰ ਨੂੰ ਵਾਇਰਲ ਹੋਈ ਸੀ, ਜਿਸ ’ਚ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ 26 ਫਰਵਰੀ, 2023 ਨੂੰ ਜੇਲ੍ਹ ਵਿੱਚ ਦੋ ਗੁੱਟਾਂ ਦਰਮਿਆਨ ਹੋਏ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੇ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ 5 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਆਈ.ਜੀ. ਹੈੱਡ ਕੁਆਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਇਕਬਾਲ ਬਰਾੜ, ਵਿਜੇ ਕੁਮਾਰ ਵਧੀਕ ਸੁਪਰਡੈਂਟ, ਜਸਪਾਲ ਸਿੰਘ ਖਹਿਰਾ ਵਧੀਕ ਸੁਪਰਡੈਂਟ ਜੇਲ੍ਹ ਤੋਂ ਇਲਾਵਾ ਏਐਸਆਈ ਹਰਚੰਦ ਸਿੰਘ, ਏਐਸਆਈ ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ ਸਵਿੰਦਰ ਸਿੰਘ, ਹਰੀਸ਼ ਕੁਮਾਰ ਸਹਾਇਕ ਸੁਪਰਡੈਂਟ ਅਤੇ ਇੰਚਾਰਜ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਕਬਾਲ ਬਰਾੜ ਸੁਪਰਡੈਂਟ, ਹਰੀਸ਼ ਕੁਮਾਰ ਸਹਾਇਕ ਸੁਪਰਡੈਂਟ, ਵਿਜੇ ਕੁਮਾਰ ਐਡੀਸ਼ਨਲ ਸੁਪਰਡੈਂਟ, ਏਐਸਆਈ ਹਰਚੰਦ ਸਿੰਘ, ਏਐਸਆਈ ਜੋਗਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ਜਸਪਾਲ ਸਿੰਘ ਖਹਿਰਾ ਵਧੀਕ ਸੁਪਰਡੈਂਟ ਜੇਲ੍ਹ ਅਤੇ ਸਵਿੰਦਰ ਸਿੰਘ ਹੈੱਡ ਕਾਂਸਟੇਬਲ ਜੋ ਕਿ ਹਾਲੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚਲ ਰਹੇ ਹਨ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਪੰਜਾਬ ਦੇ ਵੱਖ ਵੱਖ ਹਿੱਸਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਗੋਇੰਦਵਾਲ ਜੇਲ੍ਹ ‘ਚ ਮੂਸੇਵਾਲਾ ਦੇ ਕਾਤਲਾਂ ਦੇ ਵਿਚਾਲੇ ਹੋਈ ਗੈਂਗਵਾਰ ਤੋਂ ਬਾਅਦ ਦੋ ਵੀਡੀਓ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓ ਲਾਰੈਂਸ ਗੈਂਗ ਦੇ ਸਚਿਨ ਭਿਵਾਨੀ ਵੱਲੋਂ ਬਣਾਈ ਗਈ ਹੈ। ਜਿਸ ‘ਚ ਅੰਕਿਤ ਸੇਰਸਾ ਤੋਂ ਇਲਾਵਾ ਕਈ ਹੋਰ ਗੈਂਗਸਟਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਗੈਂਗਸਟਰ ਜਸ਼ਨ ਮਨਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਪਹਿਲੀਂ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਭਿਵਾਨੀ ਜੇਲ੍ਹ ਦੇ ਅੰਦਰ ਮਾਰ ਕੇ ਸੁੱਟੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀਆਂ ਲਾਸ਼ਾਂ ਦਿਖਾ ਰਿਹਾ ਹੈ। ਪਰ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ ਗੈਂਗਸਟਰ ਖੁੱਲ੍ਹੇਆਮ ਦੋਵਾਂ ਦੀਆਂ ਲਾਸ਼ਾਂ ਦਿਖਾ ਕੇ ਆਪਣੀ ਪਿੱਠ ਥਪਥਪਾਉਂਦੇ ਹਨ।