ਰਾਸ਼ਟਰਪਤੀ ਦ੍ਰਪਦੀ ਮੁਰਮੂ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ ‘ਚ ਸ਼ਾਮਲ ਨਾ ਕਰਨ ‘ਤੇ ਕਰੀਬ 21 ਪਾਰਟੀਆਂ ਵਲੋਂ ਸਮਾਰੋਹ ਦਾ ਬਾਈਕਾਟ ਕਰਨ ਤੋਂ ਬਾਅਦ ਹੁਣ ਤਕਰੀਬਨ ਅੱਧਾ ਦਰਜਨ ਮੁੱਖ ਮੰਤਰੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋ ਰਹੀ ਨੀਤੀ ਆਯੋਗ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ। ਇਸ ਮੀਟਿੰਗ ਵਿੱਚ ਸੀਐਮ ਨਿਤੀਸ਼ ਕੁਮਾਰ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਅਤੇ ਕੇਸੀਆਰ ਨੇ ਇਸ ਦੇ ਬਾਈਕਾਟ ਦਾ ਐਲਾਨ ਕੀਤਾ। ਮੀਟਿੰਗ ਦੇ ਬਾਈਕਾਟ ਦੇ ਐਲਾਨ ਕਰਨ ਦੀ ਵਜ੍ਹਾ ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਆਰਡੀਨੈਂਸ ਮੰਨਿਆ ਜਾ ਰਿਹਾ ਹੈ। ਜਦਕਿ ਬਾਈਕਾਟ ਕਰਨ ਵਾਲੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੱਖ-ਵੱਖ ਕਾਰਨਾਂ ਦਾ ਹਵਾਲਾਂ ਦਿੰਦਿਆਂ ਇਸਦਾ ਬਾਈਕਾਟ ਕੀਤਾ ਹੈ। ਇਥੇ ਦਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਟਰਾਂਸਫਰ ਪੋਸਟਿੰਗ ਦਾ ਅਧਿਕਾਰ ਦਿੱਲੀ ਸਰਕਾਰ ਨੂੰ ਦਿੱਤਾ ਸੀ ਪਰ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਇਸ ਫੈਸਲੇ ਨੂੰ ਪਲਟ ਦਿੱਤਾ ਅਤੇ LG ਦੇ ਹੱਥ ਸਾਰੀ ਪਾਵਰ ਦੇ ਦਿੱਤੀ ਹੈ।
ਦਸ ਦਈਏ ਕਿ ਵਿਗਿਆਨ ਭਵਨ ਵਿਖੇ ਹੋਣ ਵਾਲੀ ਇਹ ਮੀਟਿੰਗ MSME, ਬੁਨਿਆਦੀ ਢਾਂਚੇ ਅਤੇ ਨਿਵੇਸ਼, ਅਨੁਪਾਲਨ ਨੂੰ ਘਟਾਉਣ, ਮਹਿਲਾ ਸਸ਼ਕਤੀਕਰਨ, ਸਿਹਤ ਅਤੇ ਪੋਸ਼ਣ, ਹੁਨਰ ਵਿਕਾਸ ਅਤੇ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਹੋਣੀ ਹੈ। ਅਧਿਕਾਰੀਆਂ ਮੁਤਾਬਕ ਇਹ ਬੈਠਕ ਵਿਕਸਿਤ ਭਾਰਤ ‘ਤੇ ਚਰਚਾ ਕਰਨ ਵਾਲੀ ਸੀ। ਇਸ ਦੇ ਨਾਲ ਹੀ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਚਾਰ ਰਾਜਾਂ ਦੇ ਮੁੱਖ ਮੰਤਰੀ ਇਸ ਬੈਠਕ ‘ਚ ਹਿੱਸਾ ਲੈਣਗੇ।